ਫ਼ਤਹਿਗੜ੍ਹ ਸਾਹਿਬ, 27 ਸਤੰਬਰ : ਸਰਕਾਰ ਵੱਲੋਂ ਆਮ ਲੋਕਾਂ ਨੂੰ ਸਾਫ ਸਫਾਈ ਲਈ ਜਾਗਰੂਕ ਕਰਨ ਵਾਸਤੇ 02 ਅਕਤੂਬਰ ਤੱਕ ਮਨਾਏ ਜਾ ਰਹੇ ਸਵੱਛਤਾ ਹੀ ਸੇਵਾ ਪੰਦਰਵਾੜੇ ਅਧੀਨ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਪਿੰਡਾਂ ਵਿੱਚ ਵੱਡੀ ਪੱਧਰ ਤੇ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਬਾਰੇ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਕੇ ਸਵੱਛਤਾ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸੁਰਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀਆਂ ਟੀਮਾਂ ਪਿੰਡਾਂ ਵਿੱਚ ਭੇਜ ਕੇ ਲੋਕਾਂ ਨੂੰ ਸਵੱਛਤਾ ਰੱਖਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਕੂੜਾ ਕਰਕਟ ਰਹਿਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਧਾਲੀਵਾਲ ਨੇ ਦੱਸਿਆ ਕਿ ਅੱਜ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀਆਂ ਟੀਮਾਂ ਵੱਲੋਂ ਸਰਹਿੰਦ ਬਲਾਕ ਦੇ ਪਿੰਡ ਸਿੱਧਵਾਂ ਤੇ ਅਲੀਪੁਰ ਸੋਢੀਆਂ, ਬਲਾਕ ਖਮਾਣੋਂ ਦੇ ਪਿੰਡ ਅਜਨੇਰ ਤੇ ਖੇੜੀ ਨੌਧ ਸਿੰਘ, ਪੋਹਲੋ ਮਾਜਰਾ, ਸੰਘੋਲ, ਬਸੀ ਪਠਾਣਾ ਬਲਾਕ ਦੇ ਪਿੰਡ ਮਹੱਦੀਆਂ, ਭੰਗੂਆਂ, ਲੋਹਾਰੀ, ਖਾਲਸਪੁਰ, ਅਮਲੋਹ ਬਲਾਕ ਦੇ ਪਿੰਡ ਬੈਣੀਜੇਰ ਤੇ ਅਲਾਦਾਦਪੁਰ, ਖੇੜਾ ਬਲਾਕ ਦੇ ਪਿੰਡ ਨਰੈਣਾਂ ਬੀਰੋ ਮਾਜਰੀ, ਜਮੀਤਗੜ੍ਹ ਤੇ ਰਾਮਪੁਰ ਦੇ ਲੋਕਾਂ ਨੂੰ ਸਫਾਈ ਲਈ ਜਾਗਰੂਕ ਕੀਤਾ ਗਿਆ ਅਤੇ ਇਨ੍ਹਾਂ ਪਿੰਡਾਂ ਦੇ ਸਕੂਲਾਂ, ਆਂਗਨਵਾੜੀ ਕੇਂਦਰਾਂ, ਜਲ ਸਪਲਾਈ ਸਕੀਮਾਂ ਤੇ ਸਾਂਝੀਆਂ ਥਾਵਾਂ ਦੀ ਸਫਾਈ ਕਰਵਾਈ ਗਈ। ਇਸ ਮੌਕੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮਨਦੀਪ ਸਿੰਘ, ਨਵਜੋਤ ਸਿੰਘ, ਪ੍ਰਦੀਪ ਕੁਮਾਰ, ਜਸਪ੍ਰੀਤ ਸਿੰਘ, ਦਲਵਾਰਾ ਸਿੰਘ, ਦਲਜੀਤ ਕੌਰ, ਹਰਮਨਜੀਤ ਕੌਰ ਤੇ ਅਮਿਤ ਸ਼ਰਮਾ ਮੌਜੂਦ ਸਨ।