ਲੁਧਿਆਣਾ, 1 ਅਗਸਤ 2024 : ਪੀ ਏ ਯੂ ਦੇ ਬਿਜ਼ਨਸ ਸਟੱਡੀਜ਼ ਸਕੂਲ ਵਿੱਚ ਬੀਐਸਸੀ ਵਿਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਇੱਕ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸਕੂਲ ਆਫ਼ ਬਿਜ਼ਨਸ ਸਟੱਡੀਜ਼ ਦੇ ਨਿਰਦੇਸ਼ਕ ਡਾ: ਰਮਨਦੀਪ ਨੇ ਵਿਦਿਆਰਥੀਆਂ ਨੂੰ ਪੀਏਯੂ ਵਲੋਂ ਵਿਦਿਆਰਥੀਆਂ ਦੇ ਵਿਕਾਸ ਲਈ ਗਠਿਤ ਵੱਖ-ਵੱਖ ਸੁਸਾਇਟੀਆਂ ਜਿਵੇਂ ਸੋਸਾਇਟੀ ਫਾਰ ਐਡਵਾਂਸਮੈਂਟ ਆਫ਼ ਅਕਾਦਮਿਕ, ਸਪੋਰਟਸ ਐਂਡ ਕਲਚਰਲ ਐਕਟੀਵਿਟੀਜ਼ ਅਤੇ ਮੈਨੇਜਮੈਂਟ ਸਾਇੰਸ ਐਸੋਸੀਏਸ਼ਨ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉੱਚ ਜੀਵਨ ਕੀਮਤਾਂ ਦੀ ਮਹੱਤਤਾ ਬਾਰੇ ਵੀ ਜਾਗਰੂਕ ਕੀਤਾ ਤਾਂ ਜੋ ਵਿਦਿਆਰਥੀਆਂ ਨੂੰ ਚੰਗੇ ਰਿਸ਼ਤੇ ਬਣਾਉਣ ਵਿੱਚ ਆਸਾਨੀ ਹੋਵੇ ਅਤੇ ਉਹ ਹਮਦਰਦੀ ਦੀ ਭਾਵਨਾ ਨਾਲ ਚੰਗੀ ਤਰ੍ਹਾਂ ਜਾਣੂ ਹੋਣ। ਉਨ੍ਹਾਂ ਸ਼ਖ਼ਸੀ ਵਿਕਾਸ ਦੇ ਅਵਸਰਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਸਰਵਪੱਖੀ ਵਿਕਾਸ ਦੇ ਮੌਕਿਆਂ ਸੰਬੰਧੀ ਹਰ ਗਤੀਵਿਧੀ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ। ਸ਼ਖਸੀਅਤ ਦੇ ਵਿਕਾਸ 'ਤੇ ਹੋਰ ਸੈਸ਼ਨ ਵਿੱਚ ਡਾ. ਸੰਦੀਪ ਕਪੂਰ ਨੇ ਸੰਤੁਲਿਤ ਵਿਵਹਾਰ ਬਾਰੇ ਦੱਸਿਆ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਿਦਿਆਰਥੀ ਜੀਵਨ ਸੰਘਰਸ਼ ਲਈ ਤਿਆਰ ਕਰਨ ਦੇ ਨਾਲ ਨਾਲ ਸਵੈ ਨਿਰਭਰਤਾ ਅਤੇ ਵਿਕਾਸ ਦੇ ਗੁਣਾਂ ਦੇ ਧਾਰਨੀ ਬਣਨ ਦਾ ਮੌਕਾ ਹੁੰਦਾ ਹੈ। ਹਰ ਵਿਦਿਆਰਥੀ ਨੂੰ ਇਸ ਮੌਕੇ ਨੂੰ ਸੰਭਾਵਨਾ ਵਜੋਂ ਲੈਣਾ ਚਾਹੀਦਾ ਹੈ। ਡਾ. ਖੁਸ਼ਦੀਪ ਧਰਨੀ ਨੇ ਪੀ.ਏ.ਯੂ ਵਿੱਚ ਪਸਾਰ ਅਤੇ ਪਲੇਸਮੈਂਟ ਗਤੀਵਿਧੀਆਂ ਬਾਰੇ ਚਰਚਾ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੀਏਯੂ ਅਧਿਆਪਨ, ਖੋਜ ਅਤੇ ਪਸਾਰ ਦੇ ਆਪਣੇ ਤਿੰਨ ਅਨੁਸ਼ਾਸਨਾਂ ਲਈ ਵਿਲੱਖਣ ਹੈ। ਲੋਕਾਂ ਨਾਲ ਖੋਜ ਨੂੰ ਸਾਂਝਾ ਕਰਨ ਅਤੇ ਕਿਸਾਨਾਂ, ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਤੋਂ ਇਲਾਵਾ ਐਫਸੀਆਈ ਅਤੇ ਸਹਿਕਾਰੀ ਸਭਾਵਾਂ ਵਰਗੇ ਹਿੱਸੇਦਾਰਾਂ ਨੂੰ ਲਾਭ ਪਹੁੰਚਾਉਣ ਦੀ ਮਹੱਤਤਾ 'ਤੇ ਉਨ੍ਹਾਂ ਜ਼ੋਰ ਦਿੱਤਾ। ਡਾ: ਬਬੀਤਾ ਨੇ ਵਿਦਿਆਰਥੀਆਂ ਨੂੰ ਪੀਏਯੂ ਵਿੱਚ ਖੋਜ ਪ੍ਰਣਾਲੀ ਬਾਰੇ ਦੱਸਿਆ। ਡਾ: ਸੁਖਮਨੀ, ਸਹਾਇਕ ਪ੍ਰੋਫੈਸਰ ਨੇ ਸੱਭਿਆਚਾਰਕ ਗਤੀਵਿਧੀਆਂ ਅਤੇ ਰੈਗਿੰਗ ਵਿਰੋਧੀ ਨਿਯਮਾਂ ਬਾਰੇ ਵੇਰਵੇ ਸਾਂਝੇ ਕੀਤੇ ਗਏ। ਪੀਏਯੂ ਅਤੇ ਬਿਜ਼ਨਸ ਸਟੱਡੀਜ਼ ਸਕੂਲ ਵਿੱਚ ਬੁਨਿਆਦੀ ਢਾਂਚੇ ਬਾਰੇ ਵੇਰਵੇ ਪ੍ਰੋਫੈਸਰ ਡਾ. ਐਲ ਐਮ ਕਥੂਰੀਆ ਨੇ ਸਾਂਝੇ ਕੀਤੇ। ਬੇਸਿਕ ਸਾਇੰਸਿਜ਼ ਕਾਲਜ ਅਤੇ ਪੀ ਏ ਯੂ ਵਿੱਚ ਵੱਖ-ਵੱਖ ਖੇਡਾਂ ਦੀਆਂ ਗਤੀਵਿਧੀਆਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ।