ਲੁਧਿਆਣਾ 3 ਅਪ੍ਰੈਲ : ਪੀ.ਏ.ਯੂ. ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਵਿਚ ਮੁੱਖ ਕਣਕ ਵਿਗਿਆਨੀ ਵਜੋਂ ਕਾਰਜ ਕਰ ਰਹੇ ਡਾ. ਅਚਲਾ ਸ਼ਰਮਾ ਨੂੰ ਬੀਤੇ ਦਿਨੀਂ ਕਣਕ ਅਤੇ ਜੌਂਆਂ ਦੀ ਖੋਜ ਲਈ ਬਣੀ ਭਾਰਤੀ ਸੁਸਾਇਟੀ ਨੇ ਡਾ. ਐੱਸ ਰਾਜਾ ਰਾਮ ਆਊਟਸਟੈਂਡਿੰਗ ਨਾਰੀ ਵਿਗਿਆਨੀ ਸਨਮਾਨ ਨਾਲ ਨਿਵਾਜ਼ਿਆ| ਇਹ ਸਨਮਾਨ ਉਹਨਾਂ ਨੂੰ ਕਣਕ ਦੇ ਖੇਤਰ ਵਿਚ ਪਾਏ ਉੱਘੇ ਖੋਜ ਯੋਗਦਾਨ ਲਈ ਪ੍ਰਦਾਨ ਕੀਤਾ ਗਿਆ| ਜ਼ਿਕਰਯੋਗ ਹੈ ਕਿ ਡਾ. ਅਚਲਾ ਸ਼ਰਮਾ ਨੇ ਕਣਕ ਦੀਆਂ 18 ਕਿਸਮਾਂ ਦੇ ਵਿਕਾਸ ਵਿਚ ਇਕ ਵਿਗਿਆਨੀ ਵਜੋਂ ਹਿੱਸਾ ਪਾਇਆ| ਇਹਨਾਂ ਵਿਚ ਉੱਨਤ ਪੀ ਬੀ ਡਬਲਯੂ-343, ਪੀ ਬੀ ਡਬਲਯੂ-1 ਚਪਾਤੀ, ਪੀ ਬੀ ਡਬਲਯੂ-803, ਪੀ ਬੀ ਡਬਲਯੂ-1 ਜ਼ਿੰਕ ਅਤੇ ਪੀ ਬੀ ਡਬਲਯੂ-2 ਜ਼ਿੰਕ ਤੋਂ ਇਲਾਵਾ ਪੀ ਬੀ ਡਬਯਲੂ 869, ਪੀ ਬੀ ਡਬਲਯੂ-826 ਅਤੇ ਪੀ ਬੀ ਡਬਲਯੂ ਆਰ ਐੱਸ-1 ਪ੍ਰਮੁੱਖ ਹਨ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਅਤੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਡਾ. ਵੀਰਇੰਦਰ ਸਿੰਘ ਸੋਹੂ ਨੇ ਡਾ. ਅਚਲਾ ਸ਼ਰਮਾ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਹਨਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ|