ਲੁਧਿਆਣਾ 9 ਅਪ੍ਰੈਲ : ਜਨ ਸੰਖਿਆ ਦੇ ਵਾਧੇ ਦੇ ਨਾਲ, ਖੁਰਾਕ ਦੀ ਮੰਗ ਵਧਦੀ ਜਾ ਰਹੀ ਹੈ, ਇਸਦੇ ਨਾਲ ਹੀ ਪੰਜਾਬ ਰਾਜ ਦੇ ਕੁਦਰਤੀ ਸਰੋਤ (ਖਾਸ ਕਰਕੇ ਧਰਤੀ ਹੇਠਲਾ ਪਾਣੀ) ਚਿੰਤਾਜਨਕ ਦਰ ਨਾਲ ਵਿਗੜ ਰਹੇ ਹਨ| ਝੋਨਾ- ਕਣਕ ਪੰਜਾਬ ਦੀ ਪ੍ਰਮੁੱਖ ਫਸਲੀ ਪ੍ਰਣਾਲੀ ਹੈ ਜੋ ਕਿ 30 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿੱਚ ਅਪਣਾਈ ਜਾਂਦੀ ਹੈ | ਹਰ ਸਾਲ ਕਾਸ਼ਤਕਾਰੀ ਲਾਗਤਾਂ ਵਿੱਚ ਵਾਧੇ ਕਾਰਨ ਇਸ ਪ੍ਰਣਾਲੀ ਤੋਂ ਮੁਨਾਫਾ ਘਟ ਰਿਹਾ ਹੈ| ਇਸ ਲਈ ਖੇਤੀ ਨੂੰ ਵਧੇਰੇ ਲਾਹੇਵੰਦ ਬਣਾਉਣ ਲਈ, ਉਹਨਾਂ ਬਹੁ ਫਸਲੀ ਪ੍ਰਣਾਲੀਆਂ ਨੂੰ ਅਪਣਾਉਣ ਦੀ ਜ਼ਰੂਰਤ ਹੈ, ਜੋ ਸਿੰਚਾਈ ਵਾਲੇ ਪਾਣੀ ਦੀ ਸੀਮਿਤ ਵਰਤੋਂ ਕਰਨ| ਅਜਿਹੀਆਂ ਸਥਿਤੀਆਂ ਤਹਿਤ, ਝੋਨੇ ਦੀਆਂ ਘੱਟ ਸਮੇਂ ਵਿੱੱਚ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਅਪਣਾਕੇ ਕੁਝ ਫਸਲ ਪ੍ਰਣਾਲੀਆਂ ਜਿਵੇਂ ਕਿ ਝੋਨਾ-ਕਣਕ-ਗਰਮੀ ਰੁੱਤ ਦੀ ਮੂੰਗੀ, ਝੋਨਾ-ਆਲੂ-ਗਰਮੀ ਰੁੱਤ ਦੀ ਮੂੰਗੀ, ਸਿੱਧੀ ਬਿਜਾਈ ਝੋਨਾ-ਕਣਕ-ਗਰਮੀ ਰੁੱਤ ਦੀ ਮੂੰਗੀ, ਝੋਨਾ-ਗੋਭੀ ਸਰੋਂ-ਗਰਮੀ ਰੁੱਤ ਦੀ ਮੂੰਗੀ, ਝੋਨਾ-ਆਲੂ-ਗਰਮੀ ਰੁੱਤ ਦੇ ਮਾਂਹ ਬਹੁਤ ਵਧੀਆ ਫਸਲੀ ਚੱਕਰ ਹਨ ਜੋ ਕਿ ਸਿੰਚਾਈ ਵਾਲੇ ਪਾਣੀ ਦੀ ਸੁਚੱਜੀ ਵਰਤੋ ਕਰਕੇ ਵੱਧ ਮੁਨਾਫਾ ਦੇਣ ਦੀ ਸਮਰੱਥਾ ਰੱਖਦੇ ਹਨ। ਇਸ ਬਾਰੇ ਹੋਰ ਗੱਲ ਕਰਦਿਆਂ ਪੀ.ਏ.ਯੂ. ਦੇ ਅਪਰ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ ਅਤੇ ਪ੍ਰਸਿੱਧ ਝੋਨਾ ਵਿਗਿਆਨੀ ਡਾ. ਬੂਟਾ ਸਿੰਘ ਢਿੱਲੋਂ ਨੇ ਕਿਹਾ ਕਿ ਗਰਮੀ ਰੁੱਤ ਦੀ ਮੂੰਗੀ ਅਤੇ ਮਾਂਹ ਨੁੰ ਅਪਣਾਉਣ ਨਾਲ ਨਾ ਸਿਰਫ ਕਿਸਾਨਾਂ ਦੀ ਆਮਦਨ ਵਧੇਗੀ ਬਲਕਿ ਝੋਨੇ ਦੀ ਫ਼ਸਲ ਲਈ ਨਾਈਟ੍ਰੋਜਨ ਦੀ ਲੋੜ ਘੱਟ ਹੋਣ ਦੇ ਨਾਲ-ਨਾਲ ਮਿੱਟੀ ਦੀ ਸਿਹਤ ਵਿੱਚ ਵੀ ਕਾਫ਼ੀ ਸੁਧਾਰ ਹੋਵੇਗਾ|ਪੀ.ਏ.ਯੂ. ਵੱਲੋ ਇਹ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਜੇਕਰ ਝੋਨੇ/ ਬਾਸਮਤੀ ਤੋਂ ਪਹਿਲਾਂ ਗਰਮੀ ਰੁੱਤ ਦੀ ਮੂੰਗੀ ਦੀ ਫ਼ਸਲ ਦੀਆਂ ਫ਼ਲੀਆਂ ਤੋੜ ਕੇ ਟਾਂਗਰ ਨੂੰ ਖੇਤ ਵਿੱਚ ਵਾਹ ਦਿੱਤਾ ਜਾਵੇ ਤਾਂ ਕਿਸਾਨ ਪਰਮਲ ਝੋਨੇ ਨੁੰ ਯੂਰੀਆ ਦੀ ਖੁਰਾਕ ਦਾ ਤੀਜਾ ਹਿੱਸਾ ਘਟਾ ਸਕਦੇ ਹਨ ਜਦੋਂ ਕਿ ਬਾਸਮਤੀ ਦੀ ਫ਼ਸਲ ਨੂੰ ਯੂਰੀਆ ਪਾਉਣ ਦੀ ਕੋਈ ਲੋੜ ਨਹੀਂ ਹੈ। ਉਹਨਾਂ ਗਰਮ ਰੁੱਤ ਦੀ ਮੂੰਗੀ ਐਸ ਐਮ ਐਲ 1827 ਬਾਰੇ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋ ਸ਼ਿਫਾਰਿਸ਼ ਇਹ ਕਿਸਮ ਤਕਰੀਬਨ 62 ਦਿਨਾਂ ਵਿੱਚ ਪੱਕ ਜਾਂਦੀ ਹੈ| ਇਹ ਕਿਸਮ ਪੀਲੀ ਚਿੱਤਕਬਰੀ ਦੇ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ ਅਤੇ ਇਸਦਾ ਔਸਤ ਝਾੜ 5.0 ਕੁਇੰਟਲ ਪ੍ਰਤੀ ਏਕੜ ਹੈ|ਇਸਦੇ ਦਾਣੇ ਹਰੇ ਚਮਕੀਲੇ ਅਤੇ ਦਰਮਿਆਨੇ ਆਕਾਰ ਦੇ ਹੁੰਦੇ ਹਨ ਅਤੇ ਦਾਲ ਸੁਆਦ ਬਣਦੀ ਹੈ| ਇਸਦੀ ਬਿਜਾਈ ਅਪ੍ਰੈਲ ਦੇ ਤੀਜੇ ਹਫ਼ਤੇ ਤੱਕ ਕੀਤੀ ਜਾ ਸਕਦੀ ਹੈ| ਇਸਦੀ ਬਿਜਾਈ ਬੀਜ ਡਰਿੱਲ/ਜ਼ੀਰੋ-ਟਿਲ ਡਰਿੱਲ ਜਾਂ ਹੈਪੀ ਸੀਡਰ ਨਾਲ ਸਿਆੜਾਂ ਵਿਚਲਾ ਫ਼ਾਸਲਾ 22.5 ਸੈਂਟੀਮੀਟਰ ਰੱਖਦੇ ਹੋਏ 12 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਕੇ ਕਰੋ| ਬੀਜ ਨੂੰ ਮਿਸ਼ਰਿਤ ਜੀਵਾਣੂੰ ਖਾਦ ਦੇ ਟੀਕੇ ਦੇ ਇੱਕ ਪੈਕੇਟ (ਰਾਈਜ਼ੋਬੀਅਮ ਐਲ ਐਸ ਐਮ ਆਰ-1 ਅਤੇ ਰਾਈਜ਼ੋ ਬੈਕਟੀਰੀਅਮ ਆਰ ਬੀ-3) ਦੇ ਨਾਲ ਚੰਗੀ ਤਰ੍ਹਾਂ ਰਲਾ ਦਿਉ ਅਤੇ ਛਾਂ ਵਿੱਚ ਸੁਕਾਓ| ਟੀਕਾ ਲਗਾਉਣ ਤੋਂ ਇੱਕ ਘੰਟੇ ਦੇ ਅੰਦਰ ਬੀਜ ਦੀ ਬਿਜਾਈ ਕਰੋ| ਕਣਕ ਵੱਢਣ ਉਪਰੰਤ ਬੀਜੀ ਜਾਣ ਵਾਲੀ ਗਰਮ ਰੁੱਤ ਦੀ ਮੂੰਗੀ ਨੂੰ ਬਿਜਾਈ ਸਮੇਂ ਪ੍ਰਤੀ ਏਕੜ 11 ਕਿਲੋ ਯੂਰੀਆ ਅਤੇ 100 ਕਿਲੋ ਸਿੰਗਲ ਸੁਪਰ ਫ਼ਾਸਫੇਟ ਬਿਜਾਈ ਸਮੇ ਡਰਿੱਲ ਕਰ ਦਿਉ|ਆਲੂ ਦੀ ਫ਼ਸਲ ਤੋਂ ਬਾਅਦ ਬੀਜੀ ਗਰਮ ਰੁੱਤ ਦੀ ਮੂੰਗੀ ਨੂੰ ਕੋਈ ਖਾਦ ਪਾਉਣ ਦੀ ਜਰੂਰਤ ਨਹੀਂ ਹੈ। ਇਸੇ ਤਰ੍ਹਾਂ ਮਾਂਹ 1137 ਦੀ ਕਿਸਮ ਤਕਰੀਬਨ 74 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸ ਕਿਸਮ ਵਿੱਚ ਪੀਲੀ ਚਿੱਤਕਬਰੀ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਹੈ| ਇਸ ਕਿਸਮ ਦਾ ਔਸਤ ਝਾੜ ਤਕਰੀਬਨ 4.5 ਕੁਇੰਟਲ ਪ੍ਰਤੀ ਏਕੜ ਹੈ| ਇਸਦੇ ਦਾਣੇ ਦਰਮਿਆਨੇ ਮੋਟੇ ਅਤੇ ਕਾਲੇ ਰੰਗ ਦੇ ਹੁੰਦੇ ਹਨ ਅਤੇ ਦਾਲ ਸੁਆਦ ਬਣਦੀ ਹੈ| ਇਸਦੀ ਬਿਜਾਈ ਅਪ੍ਰੈਲ ਦੇ ਪਹਿਲੇੇ ਹਫਤੇ ਤੱਕ ਕੀਤੀ ਜਾ ਸਕਦੀ ਹੈ| ਬਿਜਾਈ ਬੀਜ ਡਰਿੱਲ, ਕੇਰਾ/ਪੋਰਾ/ਜ਼ੀਰੋ-ਟਿਲ ਡਰਿੱਲ ਜਾਂ ਹੈਪੀ ਸੀਡਰ ਨਾਲ ਸਿਆੜਾਂ ਵਿਚਲਾ 22.5 ਸੈਂਟੀਮੀਟਰ ਫ਼ਾਸਲਾ ਰੱਖਦੇ ਹੋਏ 20ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਕੇ ਕਰੋ| ਇੱਕ ਏਕੜ ਦੇ ਬੀਜ ਨੂੰ ਘੱਟ ਤੋਂ ਘੱਟ ਪਾਣੀ ਨਾਲ ਗਿੱਲਾ ਕਰੋ ਅਤੇ ਰਾਈਜ਼ੋਬੀਅਮ (ਐਲ ਯੂ ਆਰ 6) ਦੇ ਪੈਕਟ ਨੂੰ ਗਿੱਲੇ ਬੀਜ ਨਾਲ ਚੰਗੀ ਤਰ੍ਹਾਂ ਰਲਾ ਦਿਉ ਅਤੇ ਛਾਂ ਵਿੱਚ ਸੁਕਾਓ|ਟੀਕਾ ਲਗਾਉਣ ਤੋਂ ਇੱਕ ਘੰਟੇ ਦੇ ਅੰਦਰ ਬੀਜ ਦੀ ਬਿਜਾਈ ਕਰੋ| ਬਿਜਾਈ ਸਮੇਂ 11 ਕਿਲੋ ਯੂਰੀਆ ਅਤੇ 60 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਡਰਿੱਲ ਕਰੋ। ਉਹਨਾਂ ਗਰਮੀ ਰੁੱਤ ਦੀ ਮੂੰਗੀ/ਮਾਂਹ ਦੀ ਫ਼ਸਲ ਕੱਟਣ ਤੋ ਬਾਅਦ ਕਿਸਾਨਾਂ ਨੂੰ ਝੋਨੇ/ਬਾਸਮਤੀ ਦੀਆਂ ਘੱਟ ਸਮੇਂ ਵਿੱੱਚ ਪੱਕਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਨ ਦੀ ਸਿਫ਼ਾਰਸ਼ ਕੀਤੀ| ਜਿਵੇਂ ਕਿ ਪੀਆਰ 126, ਪੂਸਾ ਬਾਸਮਤੀ 1509 ਅਤੇ ਪੂਸਾ ਬਾਸਮਤੀ 1847, ਜੋ ਕਿ ਲੁਆਈ ਤੋਂ ਲੱਗਭਗ 93, 95 ਅਤੇ 99 ਦਿਨਾਂ ਵਿੱਚ ਪੱਕ ਜਾਂਦੀਆਂ ਹਨ| ਆਪਣੀ ਛੋਟੀ ਮਿਆਦ ਦੇ ਕਾਰਨ, ਇਹ ਸਿੰਚਾਈ ਦੇ ਪਾਣੀ ਦੀ ਬੱਚਤ ਕਰਦੀਆਂ ਹਨ ਅਤੇ ਬਹੁ-ਫਸਲੀ ਪ੍ਰਣਾਲੀਆਂ ਨੂੰ ਅਪਣਾਉਣ ਲਈ ਸਹਾਈ ਹੁੰਦੀਆਂ ਹਨ। ਥੋੜ੍ਹੇ ਸਮੇਂ ਦੀਆਂ ਕਿਸਮਾਂ ਲਈ ਘੱਟ ਲਾਗਤ ਖਰਚੇ ਜਿਵੇਂ ਕਿ ਖਾਦਾਂ, ਕੀਟਨਾਸ਼ਕਾਂ, ਲੇਬਰ ਆਦਿ ਦੀ ਲੋੜ ਹੋਣ ਕਰਕੇ ਕਾਸ਼ਤ ਦੀ ਲਾਗਤ ਘੱਟ ਜਾਂਦੀ ਹੈ| ਕਿਸਾਨਾਂ ਨੂੰ ਪੀ.ਏ.ਯੂ ਵੱਲੋਂ ਬਹੁ-ਫ਼ਸਲੀ ਪ੍ਰਣਾਲੀ ਵਿੱਚ ਦਾਲਾਂ ਦੀਆਂ ਫਸਲਾਂ ਬੀਜਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਨਾਲ ਖੇਤੀ ਆਮਦਨ ਵਿੱਚ ਵਾਧਾ ਕਰਨ ਦੇ ਨਾਲ ਨਾਲ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਕੀਤਾ ਜਾ ਸਕਦਾ ਹੈ|ਇਹਨਾਂ ਕਿਸਮਾਂ ਦਾ ਬੀਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ, ਫਾਰਮ ਸਲਾਹਕਾਰ ਸੇਵਾ ਕੇਂਦਰਾਂ, ਖੇਤਰੀ ਖੋਜ ਕੇਂਦਰਾਂ ਅਤੇ ਯੂਨੀਵਰਸਿਟੀ ਬੀਜ ਫਾਰਮਾਂ ਵਿੱਚ ਉਪਲੱਬਧ ਹੈ।