ਪੀ.ਏ.ਯੂ. ਵਿਚ 37ਵੇਂ ਅੰਤਰ ਯੂਨੀਵਰਸਿਟੀ ਰਾਸ਼ਟਰੀ ਯੁਵਕ ਮੇਲੇ ਦਾ ਇਨਾਮ ਵੰਡ ਸਮਾਰੋਹ ਹੋਇਆ

  • ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਦੀ ਹਾਜ਼ਰੀ ਨੇ ਸਮਾਰੋਹ ਨੂੰ ਚਾਰ ਚੰਨ ਲਾਏ

ਲੁਧਿਆਣਾ 1 ਅਪ੍ਰੈਲ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਓਪਨ ਏਅਰ ਥੀਏਟਰ ਵਿਚ ਅੱਜ 37ਵੇਂ ਅੰਤਰ ਯੂਨੀਵਰਸਿਟੀ ਰਾਸ਼ਟਰੀ ਯੁਵਕ ਮੇਲੇ ਦਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ| ਇਸ ਯੁਵਕ ਮੇਲੇ ਵਿਚ ਦੇਸ਼ ਦੀਆਂ 109 ਯੂਨੀਵਰਸਿਟੀਆਂ ਤੋਂ 2200 ਦੇ ਕਰੀਬ ਵਿਦਿਆਰਥੀ ਕਲਾਕਾਰਾਂ ਨੇ ਵੱਖ-ਵੱਖ ਵੰਨਗੀਆਂ ਵਿਚ ਆਪਣੀ ਕਲਾ ਦੇ ਜੌਹਰ ਦਿਖਾਏ| ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਪ੍ਰਸਿੱਧ ਪੰਜਾਬੀ ਗਾਇਕ ਸ਼੍ਰੀ ਗੁਰਦਾਸ ਮਾਨ ਸਨ| ਇਸ ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ ਜਦਕਿ ਭਾਰਤੀ ਯੂਨੀਵਰਸਿਟੀ ਸੰਘ ਦੇ ਜੁਆਇੰਟ ਸਕੱਤਰ ਸ. ਬਲਜੀਤ ਸਿੰਘ ਸੇਖੋਂ ਅਤੇ ਭਾਰਤੀ ਯੂਨੀਵਰਸਿਟੀ ਸੰਘ ਦੇ ਨਿਗਰਾਨ ਡਾ. ਐੱਸ ਕੇ ਸ਼ਰਮਾ, ਡਾ. ਅਰੁਨ ਪਾਠਕ ਅਤੇ ਡਾ. ਹਿਤੇਸ਼ ਝਾਅ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ| ਸ਼੍ਰੀ ਗੁਰਦਾਸ ਮਾਨ ਨੇ ਆਪਣੇ ਜਾਣੇ-ਪਛਾਣੇ ਅੰਦਾਜ਼ ਵਿਚ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਇਸ ਯੁਵਕ ਮੇਲੇ ਦਾ ਹਿੱਸਾ ਬਣਨ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ| ਉਹਨਾਂ ਕਿਹਾ ਕਿ ਇਹ ਮੇਲੇ ਕਲਾਕਾਰਾਂ ਦੀ ਨਰਸਰੀ ਵਾਂਗ ਹੁੰਦੇ ਹਨ ਅਤੇ ਇਹਨਾਂ ਕਲਾਕਾਰਾਂ ਨੂੰ ਭਵਿੱਖ ਵਿਚ ਫੈਲਣ ਲਈ ਇਹਨਾਂ ਮੇਲਿਆਂ ਵਿਚ ਮਿਲੇ ਤਜਰਬਿਆਂ ਨੂੰ ਅੱਗੇ ਰੱਖਣਾ ਚਾਹੀਦਾ ਹੈ| ਸ਼੍ਰੀ ਗੁਰਦਾਸ ਮਾਨ ਨੇ ਆਪਣੇ ਚਰਚਿਤ ਗੀਤ ਛੱਲਾ, ਕੀ ਬਣੂੰ ਦੁਨੀਆਂ ਦਾ ਅਤੇ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ ਗਾ ਕੇ ਠਾਠਾਂ ਮਾਰਦੇ ਇਕੱਠ ਦਾ ਮਨ ਮੋਹ ਲਿਆ| ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਪੰਜਾਬੀਅਤ ਦੀ ਸੰਭਾਲ ਲਈ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ| ਇਸੇ ਤਰ੍ਹਾਂ ਹੀ ਵਿਦੇਸ਼ੀ ਸੱਭਿਆਚਾਰ ਦੇ ਹਮਲੇ ਨੂੰ ਰੋਕ ਕੇ ਨਿਰੋਲ ਪੰਜਾਬੀਅਤ ਦਾ ਵਿਕਾਸ ਕੀਤਾ ਜਾ ਸਕੇਗਾ| ਗੁਰਦਾਸ ਮਾਨ ਨੇ ਇਹਨਾਂ ਮੁਕਾਬਲਿਆਂ ਵਿਚ ਜਿੱਤ ਹਾਸਲ ਕਰਨ ਵਾਲੇ ਪ੍ਰਤੀਯੋਗੀਆਂ ਨੂੰ ਵਧਾਈ ਦਿੱਤੀ ਪਰ ਨਾਲ ਹੀ ਜਿੱਤ ਨਾ ਸਕਣ ਵਾਲਿਆਂ ਨੂੰ ਹੌਸਲਾ ਨਾ ਹਾਰਨ ਲਈ ਵੀ ਪ੍ਰੇਰਿਤ ਕੀਤਾ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਹ ਯੁਵਕ ਮੇਲਾ ਸੱਭਿਆਚਾਰ ਅਤੇ ਰਾਸ਼ਟਰੀ ਭਾਵਨਾ ਦੇ ਆਦਾਨ ਪ੍ਰਦਾਨ ਦਾ ਮੌਕਾ ਸੀ ਜਿਸ ਤੋਂ ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਵੀ ਬਹੁਤ ਕੁਝ ਸਿੱਖਿਆ ਅਤੇ ਮਹਿਮਾਨ ਵਿਦਿਆਰਥੀਆਂ ਨੇ ਵੀ ਪੰਜਾਬੀ ਸੱਭਿਆਚਾਰ ਨੂੰ ਜਾਣਿਆ| ਉਹਨਾਂ ਕਿਹਾ ਕਿ ਪਹਿਲੀ ਵਾਰ ਆਯੋਜਿਤ ਹੋਣ ਦੇ ਬਾਵਜੂਦ ਬੇਹੱਦ ਸਫਲਤਾ ਨਾਲ ਇਸ ਯੁਵਕ ਮੇਲੇ ਦਾ ਨੇਪਰੇ ਚੜਨਾ ਜਿੱਥੇ ਪੀ.ਏ.ਯੂ. ਪਰਿਵਾਰ ਦੀ ਕਾਮਯਾਬੀ ਹੈ ਉਥੇ ਭਾਗ ਲੈਣ ਵਾਲਿਆਂ ਦਾ ਸਹਿਯੋਗ ਵੀ ਸ਼ਲਾਘਾ ਦਾ ਪਾਤਰ ਹੈ| ਉਹਨਾਂ ਜੇਤੂਆਂ ਨੂੰ ਵਧਾਈ ਦਿੰਦਿਆਂ ਜ਼ਿੰਦਗੀ ਵਿਚ ਸਫਲਤਾ ਅਤੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ|
ਭਾਰਤੀ ਯੂਨੀਵਰਸਿਟੀ ਸੰਘ ਦੇ ਨਿਗਰਾਨ ਡਾ. ਐੱਸ ਕੇ ਸ਼ਰਮਾ ਨੇ ਇਸ ਯੁਵਕ ਮੇਲੇ ਨੂੰ ਭਾਰਤੀ ਯੂਨੀਵਰਸਿਟੀ ਸੰਘ ਦੀ ਸਖਤ ਮਿਹਨਤ ਅਤੇ ਪੀ.ਏ.ਯੂ. ਦੀ ਸਮਰਥਾ ਦਾ ਸੁਮੇਲ ਦੱਸਿਆ| ਉਹਨਾਂ ਕਿਹਾ ਕਿ ਯੂਨੀਵਰਸਿਟੀਆਂ ਦੀ ਸੱਭਿਆਚਾਰਕ ਇਕੱਤਰਤਾ ਦੇ ਬਾਵਜੂਦ ਸਫਲਤਾ ਨਾਲ ਆਯੋਜਿਤ ਹੋਣ ਵਾਲੇ ਇਸ ਮੇਲੇ ਲਈ ਪੀ.ਏ.ਯੂ. ਦਾ ਧੰਨਵਾਦ ਕੀਤਾ ਜਾਣਾ ਚਾਹੀਦਾ ਹੈ| ਪੀ.ਏ.ਯੂ. ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਸਵਾਗਤ ਦੇ ਸ਼ਬਦ ਬੋਲਦਿਆਂ ਆਯੋਜਨ ਦੀ ਰਿਪੋਰਟ ਵੀ ਸਾਂਝੀ ਕੀਤੀ| ਉਹਨਾਂ ਕਿਹਾ ਕਿ ਸਫਲਤਾ ਨਾਲ ਇਹ ਮੇਲਾ ਕਰਵਾਇਆ ਜਾ ਸਕਿਆ ਹੈ ਇਸਲਈ ਪੀ.ਏ.ਯੂ. ਦੇ ਵਾਈਸ ਚਾਂਸਲਰ, ਰਜਿਸਟਰਾਰ, ਉੱਚ ਅਧਿਕਾਰੀਆਂ, ਅਧਿਆਪਨ, ਗੈਰ ਅਧਿਆਪਨ ਅਮਲੇ ਅਤੇ ਕਰਮਚਾਰੀਆਂ ਨੇ ਦਿਨ ਰਾਤ ਸਖਤ ਮਿਹਨਤ ਕੀਤੀ ਹੈ| ਡਾ. ਜੌੜਾ ਨੇ ਗੁਰਦਾਸ ਮਾਨ ਨਾਲ ਰਸਮੀ ਜਾਣ-ਪਛਾਣ ਕਰਾਉਦਿਆਂ ਉਹਨਾਂ ਨੂੰ ਦੇਸ਼-ਵਿਦੇਸ਼ ਵਿਚ ਪੰਜਾਬੀਅਤ ਦੀ ਅਵਾਜ਼ ਕਿਹਾ| ਵਿਦਿਆਰਥੀ ਪ੍ਰਤੀਨਿਧ ਵਜੋਂ ਬਨਸਥਲੀ ਯੂਨੀਵਰਸਿਟੀ ਦੇ ਵਿਦਿਆਰਥੀ ਈਸ਼ਾ ਸਹਾਏ ਅਤੇ ਅਧਿਆਪਕ ਪ੍ਰਤੀਨਿਧ ਵਜੋਂ ਗੁਜਰਾਤ ਯੂਨੀਵਰਸਿਟੀ ਅਹਿਮਦਾਬਾਦ ਦੇ ਰੇਖਾ ਮੁਖਰਜੀ ਨੇ ਯੁਵਕ ਮੇਲੇ ਦੌਰਾਨ ਸਹੂਲਤਾਂ ਅਤੇ ਸੇਵਾਵਾਂ ਮੁਹਈਆ ਕਰਾਉਣ ਲਈ ਪੀ.ਏ.ਯੂ. ਦਾ ਧੰਨਵਾਦ ਕੀਤਾ| ਭਾਰਤੀ ਵਿਦਿਆਪੀਠ ਪੂਨੇ ਦੇ ਵਿਦਿਆਰਥੀਆਂ ਨੇ ਫੋਕ ਆਰਕੈਸਟਰਾ ਦਾ ਪ੍ਰਦਰਸ਼ਨ ਕਰਕੇ ਅਤੇ ਰਾਣੀ ਦੁਰਗਾਵਤੀ ਯੂਨੀਵਰਸਿਟੀ ਜਬਲਪੁਰ ਦੇ ਵਿਦਿਆਰਥੀਆਂ ਨੇ ਲੋਕ ਨਾਚ ਦਿਖਾ ਕੇ ਹਾਜ਼ਰ ਇਕੱਠ ਦਾ ਮਨ ਮੋਹ ਲਿਆ| ਅੰਤ ਵਿਚ ਧੰਨਵਾਦ ਦੇ ਸ਼ਬਦ ਪੀ.ਏ.ਯੂ. ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਨੇ ਕਹੇ| ਉਹਨਾਂ ਆਸ ਪ੍ਰਗਟਾਈ ਕਿ ਇਸ ਵਿਚ ਭਾਗ ਲੈਣ ਵਾਲੇ ਵਿਦਿਆਰਥੀ ਚੰਗੀਆਂ ਯਾਦਾਂ ਲੈ ਕੇ ਆਪਣੀਆਂ ਸੰਸਥਾਵਾਂ ਵਿਚ ਪਰਤਣਗੇ| ਸਮਾਰੋਹ ਵਿਚ ਵੱਖ-ਵੱਖ ਆਯੋਜਨ ਕਮੇਟੀਆਂ ਵੱਲੋਂ ਬਿਹਤਰੀਨ ਕਾਰਜ ਦਿਖਾਉਣ ਲਈ ਉਹਨਾਂ ਦਾ ਸਨਮਾਨ ਕੀਤਾ ਗਿਆ| ਇਸ ਇਨਾਮ ਵੰਡ ਸਮਾਰੋਹ ਦਾ ਸੰਚਾਲਨ ਸੰਸਥਾਈ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਨੇ ਕੀਤਾ|
 
ਇਸ ਯੁਵਕ ਮੇਲੇ ਦੇ ਨਤੀਜਿਆਂ ਵਿਚ ਲਾਈਟ ਵੋਕਲ ਸੰਗੀਤ ਸ੍ਰੇਣੀ

ਪਹਿਲਾ ਇਨਾਮ : 
ਕਾਟਨ ਯੂਨੀਵਰਸਿਟੀ, ਗੁਹਾਟੀ, ਕੁਰੂਕਸੇਤਰ ਯੂਨੀਵਰਸਿਟੀ, ਹਰਿਆਣਾ, ਸੰਤ ਗਾਡਗੇ ਬਾਬਾ ਅਮਰਾਵਤੀ ਯੂਨੀਵਰਸਿਟੀ, ਮਹਾਰਾਸ਼ਟਰ,  ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ, ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਕਰਨਾਟਕ, ਕ੍ਰਿਸ਼ਨਾ ਯੂਨੀਵਰਸਿਟੀ, ਆਂਧਰਾ ਪ੍ਰਦੇਸ਼,  ਚੰਡੀਗੜ੍ਹ ਯੂਨੀਵਰਸਿਟੀ, ਪੰਜਾਬ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਪੰਜਾਬ

ਦੂਜਾ ਇਨਾਮ : 
ਭਾਰਤੀ ਵਿਦਿਆਪੀਠ, ਮਹਾਰਾਸਟਰ, ਇੰਦਰ ਕਲਾ ਸੰਗੀਤ ਵਿਸ਼ਵਵਿਦਿਆਲਿਆ, ਛੱਤੀਸਗੜ੍ਹ, ਲਲਿਤ ਨਾਰਾਇਣ ਮਿਥਿਲਾ ਯੂਨੀਵਰਸਿਟੀ, ਬਿਹਾਰ, ਕੋਚੀਨ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ, ਕੇਰਲ, ਬਾਗਬਾਨੀ ਵਿਗਿਆਨ ਯੂਨੀਵਰਸਿਟੀ, ਬਾਗਲਕੋਟ, ਡਿਬਰੂਗੜ੍ਹ ਯੂਨੀਵਰਸਿਟੀ, ਅਸਾਮ, ਚੌਧਰੀ ਬੰਸੀ ਲਾਲ ਯੂਨੀਵਰਸਿਟੀ, ਭਿਵਾਨੀ
 
ਤੀਜਾ ਇਨਾਮ: 
ਰਾਣੀ ਦੁਰਗਾਵਤੀ ਯੂਨੀਵਰਸਿਟੀ, ਜਬਲਪੁਰ, ਦੇਵੀ ਅਹਿਲਿਆ ਵਿਸ਼ਵਵਿਦਿਆਲਿਆ, ਇੰਦੌਰ, ਚੌਧਰੀ ਰਣਵੀਰ ਸਿੰਘ ਯੂਨੀਵਰਸਿਟੀ, ਜੀਂਦ,  ਮਨੀਪੁਰ ਯੂਨੀਵਰਸਿਟੀ ਆਫ ਕਲਚਰ, ਮਨੀਪੁਰ,  ਸਾਵਿਤਰੀ ਬਾਈ ਫੂਲੇ ਯੂਨੀਵਰਸਿਟੀ, ਪੁਣੇ, ਹਰੀਸ਼ ਸਿੰਘ ਗੌੜ ਯੂਨੀਵਰਸਿਟੀ, ਮੱਧ ਪ੍ਰਦੇਸ

ਸੱਭਿਆਚਾਰਕ ਜਲੂਸ-ਪੂਲ ਏ:
ਪੰਜਵਾਂ ਇਨਾਮ: 
ਜੀਵਾਜੀ ਯੂਨੀਵਰਸਿਟੀ, ਗਵਾਲੀਅਰ, ਮਹਾਰਾਜਾ ਸ੍ਰੀ ਰਾਮ ਚੰਦਰ ਯੂਨੀਵਰਸਿਟੀ, ਓਡੀਸ਼ਾ,
 
ਚੌਥਾ ਇਨਾਮ: 
ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਕਰਨਾਟਕ,  ਕਾਵਯਤਰੀ ਬਹਿਨਾਬਾਈ ਚੌਧਰੀ ਉੱਤਰੀ ਮਹਾਰਾਸਟਰ ਯੂਨੀਵਰਸਿਟੀ, ਜਲਗਾਓਂ

ਤੀਜਾ ਇਨਾਮ:
ਸ਼ਿਆਮਾ ਪ੍ਰਸਾਦ ਯੂਨੀਵਰਸਿਟੀ, ਝਾਰਖੰਡ ਦੇ ਡਾ ਬਰਕਤੁੱਲਾ ਯੂਨੀਵਰਸਿਟੀ, ਭੋਪਾਲ

ਦੂਜਾ ਇਨਾਮ: 
ਸਵਾਮੀ ਰਾਮਾਨੰਦ ਮਾਰਥਵਾੜਾ ਯੂਨੀਵਰਸਿਟੀ, ਨਾਂਦੇੜ, ਬਨਾਰਸ ਹਿੰਦੂ ਯੂਨੀਵਰਸਿਟੀ, ਉੱਤਰ ਪ੍ਰਦੇਸ਼

ਪਹਿਲਾ ਇਨਾਮ: 
ਫਕੀਰ ਮੋਹਨ ਯੂਨੀਵਰਸਿਟੀ, ਓਡੀਸਾ,  ਕੁਮਾਰ ਭਾਸਕਰ ਵਰਮਾ ਸੰਸਕ੍ਰਿਤ ਯੂਨੀਵਰਸਿਟੀ, ਅਸਾਮ
 
ਓਵਰਆਲ ਟਰਾਫੀ ਵਿਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਬਾਜੀ ਮਾਰੀ| ਦੂਜੇ ਸਥਾਨ ਤੇ ਬਨਸਥਲੀ ਵਿਦਿਆਪੀਠ ਅਤੇ ਚੰਡੀਗੜ ਯੂਨੀਵਰਸਿਟੀ ਘੜੂੰਆ ਰਹੇ| ਤੀਜੇ ਸਥਾਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਮਹਾਤਮਾ ਗਾਂਧੀ ਯੂਨੀਵਰਸਿਟੀ ਕੇਰਲਾ, ਕੇਰਲ ਯੂਨੀਵਰਸਿਟੀ, ਮਹਾਂਰਿਸ਼ੀ ਦਇਆਨੰਦ ਯੂਨੀਵਰਸਿਟੀ ਰੋਹਤਕ, ਕੁਰੂਕਸ਼ੇਤਰ ਯੂਨੀਵਰਸਿਟੀ, ਅਤੇ ਮੁੰਬਈ ਯੂਨੀਵਰਸਿਟੀ ਰਹੇ| ਸੰਗੀਤ ਵਰਗ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਹਿਲੇ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਤੇ ਚੰਡੀਗੜ ਯੂਨੀਵਰਸਿਟੀ ਘੜੂੰਆ ਦੂਜੇ ਅਤੇ ਬਨਸਥਲੀ ਵਿਦਿਆਪੀਠ, ਮਹਾਤਮਾ ਗਾਂਧੀ ਯੂਨੀਵਰਸਿਟੀ ਕੇਰਲਾ, ਦੇਵੀ ਅਹਿਲਿਆ ਯੂਨੀਵਰਸਿਟੀ ਇੰਦੌਰ, ਮੁੰਬਈ ਯੂਨੀਵਰਸਿਟੀ ਤੀਜੇ ਸਥਾਨ ਤੇ ਰਹੇ| ਨਾਚ ਮੁਕਾਬਲਿਆਂ ਦੀ ਓਵਰਆਲ ਟਰਾਫੀ ਵਿਚ ਪਹਿਲੇ ਸਥਾਨ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਬਨਸਥਲੀ ਵਿਦਿਆਪੀਠ ਅਤੇ ਪਾਰੁਲ ਯੂਨੀਵਰਸਿਟੀ ਰਹੇ| ਦੂਜੇ ਸਥਾਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਮਨੀਪੁਰ ਯੂਨੀਵਰਸਿਟੀ ਆਫ ਕਲਚਰ ਅਤੇ ਤੀਜੇ ਸਥਾਨ ਤੇ ਸ਼੍ਰੀ ਸ਼ੰਕਰਾਚਾਰਿਆ ਸੰਸਕ੍ਰਿਤ ਯੂਨੀਵਰਸਿਟੀ, ਰਾਣੀ ਦੁਰਗਾਵਤੀ ਯੂਨੀਵਰਸਿਟੀ ਅਤੇ ਬੰਗਲੌਰ ਖੇਤੀ ਯੂਨੀਵਰਸਿਟੀ ਰਹੇ| ਨਾਟਕ ਮੁਕਾਬਲਿਆਂ ਦੀ ਓਵਰਆਲ ਟਰਾਫੀ ਚੰਡੀਗੜ ਯੂਨੀਵਰਸਿਟੀ ਘੜੂੰਆਂ ਨੇ ਜਿੱਤੀ| ਕੇਰਲ ਯੂਨੀਵਰਸਿਟੀ ਅਤੇ ਮਹਾਂਰਿਸ਼ੀ ਦਇਆਨੰਦ ਯੂਨੀਵਰਸਿਟੀ ਰੋਹਤਕ ਦੂਜੇ ਸਥਾਨ ਤੇ ਰਹੇ| ਤੀਜ ਸਥਾਨ ਗੁਹਾਟੀ ਯੂਨੀਵਰਸਿਟੀ, ਲਵਲੀ ਯੂਨੀਵਰਸਿਟੀ, ਬਾਗਬਾਨੀ ਯੂਨੀਵਰਸਿਟੀ ਬਗਲਕੋਟ ਅਤੇ ਲਲਿਤ ਨਰਾਇਣ ਮਿਥਲਾ ਯੂਨੀਵਰਸਿਟੀ ਨੂੰ ਮਿਲਿਆ| ਸਾਹਿਤਕ ਮੁਕਾਬਲਿਆਂ ਦੀ ਓਵਰਆਲ ਟਰਾਫੀ ਜਾਦਵਪੁਰ ਯੂਨੀਵਰਸਿਟੀ ਕੋਲਕਤਾ ਨੂੰ ਮਿਲੀ, ਦੂਜੇ ਸਥਾਨ ਤੇ ਲਵਲੀ ਯੂਨੀਵਰਸਿਟੀ ਅਤੇ ਕੇਰਲ ਯੂਨੀਵਰਸਿਟੀ ਰਹੇ| ਤੀਜੇ ਸਥਾਨ ਤੇ ਰਾਇਲ ਗਲੋਬਲ ਯੂਨੀਵਰਸਿਟੀ ਅਸਾਮ, ਪੀ.ਏ.ਯੂ. ਲੁਧਿਆਣਾ, ਕੋਟਨ ਯੂਨੀਵਰਸਿਟੀ ਸਵਾਮੀ ਵਿਵੇਕਾਨੰਦ ਸੁਭਾਰਤੀ ਯੂਨੀਵਰਸਿਟੀ ਮੇਰਠ ਅਤੇ ਜੀਵਾਜੀ ਯੂਨੀਵਰਸਿਟੀ ਗਵਾਲੀਅਰ ਰਹੇ|