ਲੁਧਿਆਣਾ 15 ਜੂਨ 2024 : ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਰਹਿਨੁਮਾਈ ਹੇਠ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ਵਾਤਾਵਰਣ ਪੱਖੀ ਸਫ਼ਾਈ ਪਦਾਰਥ ਤਿਆਰ ਕਰਨ ਸੰਬੰਧੀ ਦੋ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ| ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਰੁਪਿੰਦਰ ਕੌਰ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਇਸ ਕੋਰਸ ਵਿੱਚ 50 ਸਿਖਆਰਥੀਆਂ ਨੇ ਭਾਗ ਲਿਆ| ਉਹਨਾਂ ਨੇ ਇਸ ਕੋਰਸ ਵਿੱਚ ਸ਼ਾਮਿਲ ਹੋਏ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਾਤਾਵਰਣ ਪੱਖੀ ਸਫ਼ਾਈ ਪਦਾਰਥ ਘਰ ਵਿੱਚ ਤਿਆਰ ਕਰ ਕੇ ਆਪਣੀ ਘਰੇਲੂ ਆਮਦਨ ਦੀ ਬਚਤ ਕਰ ਸਕਦੇ ਹਨ ਅਤੇ ਨਾਲ-ਨਾਲ ਵਾਤਾਵਰਣ ਨੂੰ ਸੁਰੱਖਿਅਤ ਰੱਖ ਸਕਦੇ ਹਨ| ਕੈਮਿਸਟਰੀ ਵਿਭਾਗ ਤੋਂ ਡਾ. ਸੋਨੀਆ ਕੌਸ਼ਲ ਨੇ ਬਜਾਰੀ ਸਫ਼ਾਈ ਉਤਪਾਦ ਦੇ ਸਾਡੀ ਸਿਹਤ ਅਤੇ ਵਾਤਾਵਰਣ ਉੱਤੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਵਾਤਾਅਨੁਕੂਲ ਸਫ਼ਾਈ ਪਦਾਰਥ ਤਿਆਰ ਕਰਨ ਬਾਰੇ ਪ੍ਰੈਕਟੀਕਲ ਤਰੀਕੇ ਨਾਲ ਜਾਣਕਾਰੀ ਸਾਂਝੀ ਕੀਤੀ| ਡਾ. ਉਰਮਿਲਾ ਗੁਪਤਾ, ਮੁਖੀ, ਮਾਈਕਰੋਬਾਇਓਲੋਜੀ ਨੇ ਬਾਇਓ ਐਨਜ਼ਾਇਮਜ਼ ਦੀ ਆਰਗੈਨਿਕ ਕਲੀਨਰ ਦੇ ਤੌਰ ਤੇ ਵਰਤੋਂ ਅਤੇ ਉਹਨਾਂ ਨੂੰ ਤਿਆਰ ਕਰਨ ਸੰਬੰਧੀ ਜਾਣਕਾਰੀ ਦਿੱਤੀ| ਡਾ. ਕੁਲਵੀਰ ਕੌਰ ਨੇ ਫਰਨੀਚਰ ਪਾਲਿਸ਼ ਅਤੇ ਫਿਨਾਇਲ ਬਣਾਉਣ ਬਾਰੇ ਪ੍ਰੈਕਟੀਕਲ ਜਾਣਕਾਰੀ ਸਾਂਝੀ ਕੀਤੀ| ਸ਼੍ਰੀਮਤੀ ਅਮਨਪ੍ਰੀਤ ਕੌਰ, ਸਫਲ ਉੱਦਮੀ ਨੇ ਸ਼ਹਿਦ ਦੀ ਵਰਤੋਂ ਕਰਕੇ ਨਹਾਉਣ ਵਾਲੇ ਸਾਬਣ ਤਿਆਰ ਕਰਨ ਬਾਰੇ ਪ੍ਰੈਕਟੀਕਲ ਜਾਣਕਾਰੀ ਸਾਂਝੀ ਕੀਤੀ| ਇਸ ਮੌਕੇ ਤੇ ਡਾ. ਲਵਲੀਸ਼ ਗਰਗ, ਕੋਰਸ ਕੋਆਰਡੀਨੇਟਰ ਨੇ ਅਜੋਕੇ ਸਮੇਂ ਵਿੱਚ ਵਾਤਾਵਰਣ ਅਨੁਕੂਲ ਸਫਾਈ ਪਦਾਰਥਾਂ ਦੀ ਮਹਤੱਤਾ ਉੱਪਰ ਚਾਨਣਾ ਪਾਇਆ| ਅੰਤ ਵਿੱਚ ਮੈਡਮ ਕੰਵਲਜੀਤ ਕੌਰ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਕਿੱਤੇ ਵਿੱਚ ਅਪਨਾਉਣ ਦੀ ਸਲਾਹ ਦਿੱਤੀ|