ਲੁਧਿਆਣਾ 5 ਅਪ੍ਰੈਲ : ਪੀ.ਏ.ਯੂ. ਨੇ ਬੀਤੇ ਕੁਝ ਸਮੇਂ ਤੋਂ ਭੋਜਨ ਪ੍ਰੋਸੈਸਿੰਗ ਸੰਬੰਧੀ ਬਹੁਤ ਸਾਰੀਆਂ ਨਵੀਆਂ ਤਕਨੀਕਾਂ ਸਾਹਮਣੇ ਲਿਆਂਦੀਆਂ ਹਨ| ਇਸਦਾ ਉਦੇਸ਼ ਕਿਸਾਨਾਂ ਨੂੰ ਮੰਡੀਕਰਨ ਦੇ ਨਵੇਂ ਨੁਕਤਿਆਂ ਦੇ ਰੂਬਰੂ ਕਰਕੇ ਉਹਨਾਂ ਦੀ ਪ੍ਰੋਸੈਸਿੰਗ ਸਮਰਥਾ ਦਾ ਵਿਕਾਸ ਕਰਨਾ ਹੈ| ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਇਸ ਕੰਮ ਨੂੰ ਇਕ ਚੁਣੌਤੀ ਮੰਨਦੇ ਹੋਏ ਗੰਨੇ ਦੇ ਰਸ ਦੀ ਬੋਤਲਬੰਦ ਤਕਨੀਕ ਦਾ ਵਿਕਾਸ ਕੀਤਾ| ਇਸ ਤਕਨੀਕ ਦੇ ਵਪਾਰੀਕਰਨ ਲਈ ਪੀ.ਏ.ਯੂ. ਨੇ ਉੜੀਸਾ ਦੇ ਕੋਰਾਪੁਤ ਸਥਿਤ ਹਾਈਟੈੱਕ ਸੈਂਟਰ ਨਾਲ ਇਕ ਸਮਝੌਤੇ ਦੀਆਂ ਸ਼ਰਤਾਂ ਉੱਪਰ ਦਸਤਖਤ ਕੀਤੇ| ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸੰਬੰਧੀ ਫਰਮ ਵੱਲੋਂ ਕੁਮਾਰੀ ਸੋਮਨਾ ਪ੍ਰਧਾਨ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਦਸਤਖਤ ਕੀਤੇ | ਇਸ ਸਮਝੌਤੇ ਅਨੁਸਾਰ ਯੂਨੀਵਰਸਿਟੀ ਉਪਰੋਕਤ ਕੰਪਨੀ ਨੂੰ ਇਸ ਤਕਨੀਕ ਦੇ ਵਪਾਰੀਕਰਨ ਲਈ ਅਖਤਿਆਰ ਦੇਵੇਗੀ |ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਏ ਸਚਦੇਵ ਨੇ ਦੱਸਿਆ ਕਿ ਗੰਨੇ ਦੇ ਬੋਤਲਬੰਦ ਜੂਸ ਦੀ ਇਸ ਤਕਨੀਕ ਨੂੰ ਸੂਖਮ ਜੀਵਾਣੂੰਆਂ ਤੋਂ ਮੁਕਤ ਰੱਖਣ ਲਈ ਢੁੱਕਵੇਂ ਤਾਪਮਾਨ ਤੇ ਪ੍ਰੋਸੈੱਸ ਕਰਕੇ ਆਮ ਤਾਪਮਾਨ ਦੇ ਅਨੁਸਾਰ ਢਾਲਿਆ ਗਿਆ ਹੈ ਅਤੇ ਇਹ ਤਕਨੀਕ ਵਰਤੋਂ ਲਈ ਬਿਲਕੁਲ ਤਿਆਰ ਗੰਨੇ ਦੇ ਰਸ ਦੀ ਹੈ ਜੋ ਸੜਕ ਕੰਢੇ ਵਿਕਦੇ ਗੰਨੇ ਦੇ ਰਸ ਦੇ ਮੁਕਾਬਲੇ ਸਿਹਤਮੰਦ ਹੈ |ਤਕਨਾਲੋਜੀ ਮਾਰਕੀਟਿੰਗ ਅਤੇ ਇੰਟਲੈਕਚੁਐਲ ਸੰਪਤੀ ਅਧਿਕਾਰ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਨੇ ਦੱਸਿਆ ਕਿ ਗੰਨੇ ਦੇ ਬੋਤਲਬੰਦ ਰਸ ਦੇ ਵਪਾਰੀਕਰਨ ਲਈ ਹੁਣ ਤੱਕ ਪੀ.ਏ.ਯੂ. ਨੇ 23 ਸਮਝੌਤੇ ਵੱਖ-ਵੱਖ ਕੰਪਨੀਆਂ ਨਾਲ ਕੀਤੇ ਹਨ |ਇਸ ਮੌਕੇ ਡਾ. ਗੁਰਸਾਹਿਬ ਸਿੰਘ ਮਨੇਸ ਅਤੇ ਡਾ. ਗੁਰਜੀਤ ਸਿੰਘ ਮਾਂਗਟ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ|