ਝੋਨੇ ਦੀ ਪਰਾਲੀ ਸਮੱਸਿਆ ਨਹੀਂ ਸਗੋਂ ਮਿੱਟੀ ਦੀ ਸਿਹਤ ਸੁਧਾਰਨ ਲਈ ਪੌਸ਼ਟਿਕ ਤੱਤਾਂ ਦਾ ਖਜ਼ਾਨਾ -ਮੁੱਖ ਖੇਤੀਬਾੜੀ ਅਫਸਰ

  • ਕਣਕ ਦੀ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕਣਕ ਦੇ ਬੀਜ ਨੂੰ ਕੀਟਨਾਸ਼ਕ ਨਾਲ ਸੋਧਣ ਦੀ ਜ਼ਰੂਰਤ

ਫਰੀਦਕੋਟ, 14 ਅਕਤੂਬਰ 2024 : ਝੋਨੇ ਦੀ ਪਰਾਲੀ ਬੋਝ ਨਹੀਂ ਸਗੋਂ ਮਿੱਟੀ ਦੀ ਸਿਹਤ ਸੁਧਾਰਨ ਲਈ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹੈ ,ਜਿਸ ਨੂੰ ਅੱਗ ਲਗਾ ਕੇ ਸਾੜਣ ਦੀ ਬਜਾਏ ਖੇਤਾਂ ਵਿੱਚ ਸੰਭਾਲ ਕੇ ਕਣਕ ਜਾਂ ਹੋਰ ਫਸਲਾਂ ਦੀ ਬਿਜਾਈ ਕਰਨੀ ਚਾਹੀਦੀ ਹੈ।ਇਸ ਸਬੰਧੀ ਪਿੰਡ ਕੋਟਕਪੂਰਾ ਦੇ ਅਗਾਂਹਵਧੂ ਕਿਸਾਨ ਰਣਜੀਤ ਸਿੰਘ ਦੇ ਫਾਰਮ ਤੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਇਕ ਏਕੜ ਦੀ ਪਰਾਲੀ ਨੂੰ ਖੇਤ ਵਿਚ ਰੱਖ ਕੇ ਕਣਕ ਦੀ ਬਿਜਾਈ ਕਰਨ ਨਾਲ ਮਿੱਟੀ ਨੂੰ 10 ਕੁਇੰਟਲ ਜੈਵਿਕ ਮਾਦਾ , 14 ਕਿਲੋ  ਨਾਈਟ੍ਰੋਜਨ, 63 ਕਿਲੋ ਪੋਟਾਸ਼, 7 ਕਿਲੋ ਫਾਸਫੋਰਸ ਅਤੇ 3 ਕਿਲੋ ਸਲਫ਼ਰ ਮਿਲਦੀ ਹੈ, ਜਿਸ ਦੀ ਕੀਮਤ ਲਗਭਗ 6000 ਰੁਪਏ ਬਣਦੀ ਹੈ।ਪ੍ਰਤੀ ਏਕੜ ਕਣਕ ਦੀ ਬਿਜਾਈ ਸੁਪਰ ਸੀਡਰ ਨਾਲ ਕਿਰਾਏ ਤੇ ਕਰਨ ਨਾਲ ਲਗਭਗ 2000 ਤੋਂ 2500 ਰੁਪਏ ਖਰਚ ਕੀਤੇ ਜਾਂਦੇ ਹਨ,ਇਸ ਤਰ੍ਹਾਂ 3500 ਤੋਂ 4000 ਪ੍ਰਤੀ ਏਕੜ ਮੁੱਲ ਦੇ ਪੌਸ਼ਟਿਕ ਤੱਤ ਅਤੇ ਜੈਵਿਕ ਕਾਰਬਨ ਮਿੱਟੀ ਨੂੰ ਪ੍ਰਾਪਤ ਹੋ ਜਾਂਦੇ ਹਨ ਜਦ ਕਿ ਖੇਤ ਵਿੱਚ ਪਰਾਲੀ ਨੂੰ ਸਾੜਨ ਨਾਲ ਮਿੱਟੀ ਨੂੰ ਇਹ ਲਾਭ ਨਹੀਂ ਮਿਲਦਾ । ਉਨਾਂ ਦੱਸਿਆ ਕਿ ਕਣਕ ਦੀ ਕਟਾਈ ਉਪਰੰਤ ਮੱਕੀ ਦੀ ਫਸਲ ਦੀ ਕਾਸ਼ਤ ਕਰਨ ਅਤੇ ਝੋਨੇ ਦੀ ਪਰਾਲੀ ਦੀਆਂ ਗੱਠਾਂ ਚੁਕਾਉਣ ਨਾਲ ਮਿੱਟੀ ਦੀ ਸਿਹਤ ਵਿੱਚ ਲਗਾਤਾਰ ਵਿਗਾੜ ਆ ਰਿਹਾ ਹੈ । ਉਨਾਂ ਦੱਸਿਆ ਕਿ ਮਿੱਟੀ ਦੀ ਸਿਹਤ ਸੁਧਾਰਨ ਲਈ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਹੀ ਰੱਖ ਕੇ ਸੁਪਰ, ਸਮਾਰਟ, ਹੈਪੀ ਜਾਂ ਸਰਫੇਸ ਨਾਲ ਕਣਕ ਦੀ ਬਿਜਾਈ ਕਰਨੀ ਚਾਹੀਦੀ ਹੈ । ਉਨਾਂ ਕਿਹਾ ਕਿ 30 ਫੀਸਦੀ ਰਕਬੇ ਵਿਚੋਂ ਬੇਲਿੰਗ ਕਰਵਾ ਕੇ ਗੱਠਾਂ ਬਣਵਾ ਲੈਣੀਆ ਚਾਹੀਦੀਆਂ ਅਤੇ ਬਾਕੀ ਦੇ ਰਕਬੇ ਵਿੱਚ ਪਰਾਲੀ ਨੂੰ ਖੇਤ ਵਿੱਚ ਰੱਖ ਕੇ ਹੀ ਕਣਕ ਦੀ ਬਿਜਾਈ ਕੀਤੀ ਜਾਵੇ, ਇਸ ਤਰਾਂ ਹਰ ਸਾਲ ਰਕਬਾ ਬਦਲ ਬਦਲ ਕੇ ਬੇਲਿੰਗ ਕਰਵਾਉਣੀ ਚਾਹੀਦੀ ਹੈ। ਉਨਾਂ ਕਿਹਾ ਕਿ 90-95 ਫੀਸਦੀ ਕਣਕ ਦੀ ਬਿਜਾਈ ਸੁਪਰ ਸੀਡਰ ਨਾਲ ਕੀਤੀ ਜਾਂਦੀ ਹੈ । ਉਨਾਂ ਕਿਹਾ ਕਿ ਇਸ ਮਸ਼ੀਨ ਨਾਲ ਕਣਕ ਦੀ ਬਿਜਾਈ ਕਾਫੀ ਲਾਹੇਵੰਦ ਰਹਿੰਦੀ ਹੈ ਕਿਉਂਕਿ ਕਣਕ ਦੀ ਬਿਜਾਈ ਲਈ ਸਾਰੇ ਕਾਰਜ ਇੱਕੋ ਵੇਲੇ ਹੋ ਜਾਂਦੇ ਹਨ ।ਉਨਾਂ ਕਿਹਾ ਕਿ ਲਾਈਨਾਂ ਵਿੱਚ ਪਏ ਪਰਾਲ ਨੂੰ ਇਕਸਾਰ ਖਿਲਾਰਨਾ, ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਸਫਲਤਾ ਪੂਰਵਕ ਕਰਨ ਲਈ ਜ਼ਰੂਰੀ ਹੈ ਕਿ ਝੋਨੇ ਦੀ ਕਟਾਈ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ( ਸੁਪਰ ਐਸ ਐਮ ਐਸ) ਲੱਗੀ ਕੰਬਾਈਨ ਨਾਲ ਕਰਵਾਈ ਜਾਵੇ ਤਾਂ ਜੋ ਕੰਬਾਈਨ ਦੇ ਮਗਰ ਡਿੱਗ ਰਹੀ ਰਹਿੰਦ ਖੂੰਹਦ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਕੇ ਇਕਸਾਰ ਖਿਲਾਰਿਆ ਜਾ ਸਕੇ।ਉਨਾਂ ਦੱਸਿਆ ਲਾਈਨਾਂ ਵਿੱਚ ਪਏ ਪਰਾਲ ਨੂੰ ਰੀਪਰ/ਛਲੇਦਾ/ਕਟਰ ਕਮ ਸਪਰੈਡਰ ਨੂੰ ਲਾਈਨਾਂ ਵਿੱਚ ਫੁਸ ਉਪਰ ਚਲਾ ਕੇ ਇਕਸਾਰ ਖਿਲਾਰਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਕਣਕ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਤੋਂ ਬਚਾਉਣ ਲਈ ਹਮੇਸ਼ਾਂ ਬੀਜ ਨੂੰ ਕੀਟਨਾਸ਼ਕਾਂ ਜਿਵੇਂ 160 ਮਿਲੀ ਲਿਟਰ  ਕਲੋਰੋਪਾਈਰੋਫਾਸ ਜਾਂ 80 ਮਿਲੀ ਲਿਟਰ ਇਮਿਡਾਕਲੋਪ੍ਰਿਡ+ ਹੈਕਸਕੋਨਜ਼ੋਲ ਪ੍ਰਤੀ 40 ਕਿਲੋ ਬੀਜ ਨਾਲ ਸੋਧ ਕੇ ਬਿਜਾਈ ਕਰਨੀ ਚਾਹੀਦੀ ਹੈ।ਕਿਸਾਨ ਹਰਪਾਲ ਸਿੰਘ ਸੰਧੂ ਨੇ ਮੰਗ ਕੀਤੀ ਕਿ ਪਰਾਲੀ ਦੀ ਖੇਤਾਂ ਵਿੱਚ ਸਭਾਲ ਲਈ ਪਿੰਡਾਂ ਵਿੱਚ ਪ੍ਰਦਰਸ਼ਨੀਆ ਲਗਾਈਆ ਜਾਣ ਤਾਂ ਜੋ ਕਿਸਾਨਾਂ ਨੂੰ ਨਵੀਨਤਮ ਮਸ਼ੀਨਰੀ ਦੀ ਵਰਤੋਂ ਬਾਰੇ ਪਤਾ ਲਾਗ ਸਕੇ।ਇਸ ਮੌਕੇ ਹਾਜ਼ਰ ਕਿਸਾਨਾਂ ਨੇ ਭਰੋਸਾ ਦਿਵਾਇਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਗੈਰ ਕਣਕ ਦੀ ਬਿਜਾਈ ਕੀਤੀ ਜਾਵੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ.ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ,ਡਾ. ਨਵਪਰੀਤ ਸਿੰਘ ਏ ਡੀ ਉ,ਜਸਪਾਲ ਸਿੰਘ ਮੌੜ ਸਮੇਤ ਹੋਰ ਕਿਸਾਨ ਹਾਜ਼ਰ ਸਨ।