ਕੀਰਤਪੁਰ ਸਾਹਿਬ, 11 ਜੂਨ : ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ ਪੰਜਾਬ ਨੇ ਕਿਹਾ ਹੈ ਕਿ ਲਗਭਗ ਸੱਤ ਦਹਾਕਿਆਂ ਤੋ ਸਿੰਚਾਈ ਲਈ ਪਾਣੀ ਨੂੰ ਤਰਸ ਰਹੇ ਪੰਜਾਬ ਹਿਮਾਚਲ ਪ੍ਰਦੇਸ਼ ਹੱਦ ਨਾਲ ਲੱਗਦੇ ਨੀਮ ਪਹਾੜੀ ਇਲਾਕੇ ਚੰਗਰ ਦੇ ਪਿੰਡਾਂ ਵਿੱਚ ਲੋਕਾਂ ਨੂੰ ਪਾਣੀ ਪਹੁੰਚਾਉਣ ਲਈ ਪੰਜਾਬ ਸਰਕਾਰ ਪੂਰੀ ਤਰਾਂ ਬਚਨਬੱਧ ਹੈ। ਇਸ ਇਲਾਕੇ ਵਿੱਚ ਖੁਸ਼ਹਾਲੀ ਤੇ ਹਰਿਆਲੀ ਪਰਤਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ। ਇਲਾਕੇ ਵਿੱਚ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤ ਅਤੇ ਮਜਬੂਤ ਸਿੱਖਿਆ ਢਾਚਾ ਦੇਣ ਲਈ ਸਾਡੀ ਸਰਕਾਰ ਵਿਆਪਕ ਕਦਮ ਚੁੱਕ ਰਹੀ ਹੈ। ਅੱਜ ਰਾਏਪੁਰ ਸਾਹਨੀ ਵਿਖੇ ਗੁਰਦੁਆਰਾ ਧੰਨ ਧੰਨ ਬਾਬਾ ਗੁਰਬਖਸ਼ ਰਾਏ ਜੀ ਰਾਏਪੁਰ ਸਾਹਨੀ ਵਿਖੇ ਸ਼ੁਕਰਾਨੇ ਦੀ ਅਰਦਾਸ ਵਿੱਚ ਸ਼ਾਮਿਲ ਹੋਏ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਇਸ ਇਲਾਕੇ ਦੀ ਸੇਵਾ ਕਰਨ ਦਾ ਮਾਣ ਦੇ ਕੇ ਸੰਗਤ ਨੇ ਉਨ੍ਹਾਂ ਨੂੰ ਰਿਣੀ ਕਰ ਦਿੱਤਾ ਹੈ। ਕੀਰਤਪੁਰ ਸਾਹਿਬ-ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਗੁਰੂ ਚਰਨ ਛੋਹ ਪ੍ਰਾਪਤ ਧਰਤੀ ਤੇ ਬੁਨਿਆਦੀ ਸਹੂਲਤਾ ਦੀ ਘਾਟ ਨਹੀ ਹੋਵੇਗੀ। ਉਨ੍ਹਾ ਨੇ ਕਿਹਾ ਕਿ ਇਸ ਇਲਾਕੇ ਨੂੰ ਦਹਾਕਿਆਂ ਤੋ ਅਣਗੋਲਿਆਂ ਗਿਆ ਹੈ, ਹੁਣ ਅਸੀ ਇਸ ਇਲਾਕੇ ਦੀ ਨੁਹਾਰ ਬਦਲ ਰਹੇ ਹਾਂ, ਸੜਕਾਂ ਦਾ ਮਜਬੂਤ ਨੈਟਵਰਕ ਬਣਾਇਆ ਜਾ ਰਿਹਾ ਹੈ, ਜਿਸ ਨਾਲ ਚੰਗਰ ਵਿਚ ਵਪਾਰ ਕਾਰੋਬਾਰ ਦੀਆਂ ਸੰਭਾਵਨਾਵਾਂ ਵੱਧ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਕੁਦਰਤੀ ਤੌਰ ਤੇ ਮਨਮੋਹਕ ਵਾਤਾਵਰਣ ਵਾਲੇ ਇਸ ਇਲਾਕੇ ਵਿੱਚ ਸੈਰ ਸਪਾਟਾ ਦੀਆਂ ਸੰਭਾਵਨਾਵਾ ਵੀ ਤਲਾਸ਼ ਕੀਤੀਆਂ ਜਾ ਰਹੀਆਂ ਹਨ। ਕੈਬਨਿਟ ਮੰਤਰੀ ਨੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ,ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਸਹਿਯੋਗ ਦੇਣ ਲਈ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ।