ਫ਼ਰੀਦਕੋਟ 2 ਅਗਸਤ : ਭਾਸ਼ਾ ਵਿਭਾਗ ਫ਼ਰੀਦਕੋਟ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਦੂਜੀ ਮੰਜ਼ਿਲ ਉਪਰ ਸਥਿਤ ਦਫ਼ਤਰ ਵਿਖੇ ਨਿਵੇਕਲੀ ਪਹਿਲਕਦਮੀ ਕਰਦਿਆਂ ਖੋਲੇ 'ਸਾਡਾ ਕਿਤਾਬ ਘਰ' ਦਾ ਉਦਘਾਟਨ ਚੇਅਰਮੈਨ ਇੰਪਰੂਵਮੈਂਟ ਟਰੱਸਟ, ਫ਼ਰੀਦਕੋਟ ਸ. ਗੁਰਤੇਜ ਸਿੰਘ ਖੋਸਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਨੇ ਮਨੁੱਖੀ ਜ਼ਿੰਦਗੀ ਵਿੱਚ ਸਾਹਿਤ ਦੀ ਮਹੱਤਤਾ ਬਾਰੇ ਦੱਸਦਿਆਂ ਅਜਿਹੇ ਉੱਦਮਾਂ ਦੀ ਪੁਰਜ਼ੋਰ ਸ਼ਲਾਘਾ ਕੀਤੀ। ਮਨਜੀਤ ਪੁਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ ਨੇ ਇਸ ਉਪਰਾਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਿਤਾਬ ਘਰ 24 ਘੰਟੇ ਖੁੱਲ੍ਹਾ ਰਹੇਗਾ ਜਿੱਥੋਂ ਕੋਈ ਵੀ ਬਿਨਾਂ ਦੱਸੇ ਪੜ੍ਹਨ ਲਈ ਕਿਤਾਬ ਲਿਜਾ ਸਕਦਾ ਹੈ ਅਤੇ ਕਿਤਾਬ ਪੜ੍ਹਨ ਤੋੰ ਬਾਅਦ ਵਾਪਸ ਇਥੇ ਹੀ ਰੱਖ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸਾਹਿਤ ਪ੍ਰੇਮੀ ਕੋਲ ਪੜ੍ਹਨਯੋਗ ਕਿਤਾਬ ਹੋਵੇ ਤਾਂ ਉਹ ਵੀ ਇਥੇ ਹੋਰ ਪਾਠਕਾਂ ਤੱਕ ਸਾਹਿਤ ਦਾ ਗਿਆਨ ਵੰਡਣ ਲਈ ਕਿਤਾਬ ਇਸ `ਕਿਤਾਬ ਘਰ` ਲਈ ਭੇਂਟ ਕਰ ਸਕਦਾ ਹੈ। ਇਸ ਕਿਤਾਬ ਘਰ ਦਾ ਮਕਸਦ ਹਰ ਕਿਸੇ ਕੋਲ ਕਿਤਾਬ ਪਹੁੰਚਾਉਣਾ ਹੈ ਤਾਂ ਜੋ ਕੋਈ ਵੀ ਆਰਥਿਕ ਕਾਰਨ ਕਰਕੇ ਸਾਹਿਤ ਦੇ ਗਿਆਨ ਤੋਂ ਵਾਂਝਾ ਨਾ ਰਹੇ।