- ਜ਼ਿਲ੍ਹਾ ਕੋਰਟ ਕੰਪਲੈਕਸ ਤੋਂ ਸ਼ੁਰੂ ਹੋ ਕੇ ਵੱਖ ਵੱਖ ਥਾਵਾਂ ਤੋਂ ਹੁੰਦੀ ਹੋਈ ਰੈਲੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਫ਼ਤਰ ਪੁੱਜੀ
ਫਤਹਿਗੜ੍ਹ ਸਾਹਿਬ- 25 ਅਕਤੂਬਰ : ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਤਹਿਗੜ੍ਹ ਸਾਹਿਬ ਸ੍ਰੀ ਅਰੁਣ ਗੁਪਤਾ ਦੀ ਅਗਵਾਈ ਹੇਠ ਅੱਜ ਦੇ ਯੁੱਗ ਦੇ ਰਾਵਣ ਜਿਵੇਂ ਕਿ ਨਸ਼ਿਆਂ ਖਿਲਾਫ਼ ਵਿਸ਼ੇਸ਼ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਨੀਤ ਸ਼ੇਰਗਿੱਲ, ਜ਼ਿਲ੍ਹਾ ਪੁਲਿਸ ਮੁੱਖੀ ਡਾ. ਰਵਜੋਤ ਗਰੇਵਾਲ, ਸ੍ਰੀਮਤੀ ਬਿੰਦਿਆਂ ਗੁਪਤਾ ਧਰਮ ਪਤਨੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਅਰੁਣ ਗੁਪਤਾ ਸਮੇਤ ਨਿਆਇਕ ਅਧਿਕਾਰੀਆਂ ਕੋਰਟ ਸਟਾਫ ਅਤੇ ਪੁਲਿਸ ਸਟਾਫ ਨਾਲ ਵੱਡੀ ਗਿਣਤੀ ਵਿੱਚ ਸਕੂਲੀ ਵਿਦਿਆਰਥੀਆਂ ਨੇ ਭਾਗ ਲਿਆ। ਇਹ ਰੈਲੀ ਕੋਰਟ ਕੰਪਲੈਕਸ ਤੋਂ ਸ਼ੁਰੂ ਕਰਕੇ ਸਿਵਲ ਹਸਪਤਾਲ, ਡਿਪਟੀ ਕਮਿਸ਼ਨਰ ਦਫ਼ਤਰ, ਐਸ.ਐਸ.ਪੀ ਦਫ਼ਤਰ ਤੋਂ ਹੁੰਦੀ ਹੋਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਫ਼ਤਰ ਵਿਖੇ ਸਮਾਪਤ ਹੋਈ। ਇਸ ਰੈਲੀ ਵਿੱਚ ਆਮ ਲੋਕਾਂ ਅਤੇ ਰਾਹਗੀਰਾਂ ਨੂੰ ਬੈਨਰਾਂ, ਫਲੈਸ ਕਾਰਡਾਂ ਅਤੇ ਪੈਫਲੈਟਾਂ ਰਾਹੀਂ ਨਸ਼ਿਆਂ ਖਿਲਾਫ਼ ਜਾਗਰੂਕ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਦੱਸਿਆ ਕਿ ਅੱਜ ਆਪਾਂ ਨਸ਼ਿਆਂ ਖਿਲਾਫ਼ ਲੜ੍ਹਨ ਲਈ ਇਕੱਠੇ ਹੋਏ ਹਾਂ ਜਿਸ ਤਰ੍ਹਾਂ ਦੁਸਹਿਰੇ ਦਾ ਤਿਉਹਾਰ ਬੱਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਉਸੇ ਤਰ੍ਹਾਂ ਅਸੀਂ ਨਸ਼ੇ ਉੱਤੇ ਜਿੱਤ ਪ੍ਰਾਪਤ ਕਰਨੀ ਹੈ ਕਿਉਂਕਿ ਅੱਜ ਦੇ ਸਮੇਂ ਨਸ਼ੇ ਰਾਵਣ ਦੀ ਤਰ੍ਹਾਂ ਸਮਾਜ ਉੱਤੇ ਬੁਰਾਈ ਦਾ ਪ੍ਰਤੀਕ ਬਣੇ ਹੋਏ ਹਨ। ਉਹਨਾਂ ਇਹ ਵੀ ਪ੍ਰਣ ਦਿਵਾਇਆ ਕਿ ਅਸੀਂ ਆਪਣੇ ਆਲੇ ਦੁਆਲੇ , ਗੁਆਂਢੀਆਂ ਅਤੇ ਸਕੇ ਸਬੰਧੀਆ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਕੇ ਉਹਨਾਂ ਨੂੰ ਨਸ਼ੇ ਦੀ ਲਤ ਤੋਂ ਬਚਾਉਣਾ ਹੈ।