ਰਾਏਕੋਟ (ਮੁਹੰਮਦ ਇਮਰਾਨ ) : ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਗੁਰਦੁਆਰਾ ਭਗਤ ਰਵਿਦਾਸ ਜਗਰਾਉਂ ਰੋਡ ਨੇਡ਼ੇ ਗ੍ਰੀਨ ਸਿਟੀ ਰਾਏਕੋਟ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੇ ਅੱਗੇ ਫੌਜੀ ਬੈਂਡ ਅਤੇ ਗੱਤਕਾ ਪਾਰਟੀਆਂ ਆਪਣੀ ਕਲਾ ਦੇ ਜੌਹਰ ਦਿਖਾ ਰਹੀਆਂ ਸਨ ਅਤੇ ਸੰਗਤਾਂ ਦਾ ਵਿਸ਼ਾਲ ਕਾਫ਼ਿਲਾ ਨਗਰ ਕੀਰਤਨ ਨਾਲ ਗੁਰਬਾਣੀ ਦਾ ਜਾਪ ਕਰਦਾ ਆ ਰਿਹਾ ਸੀ ਅਤੇ ਨਗਰ ਕੀਰਤਨ ਦੀ ਸ਼ੋਭਾ ਵਧਾ ਰਿਹਾ ਸੀ।ਇਹ ਵਿਸ਼ਾਲ ਨਗਰ ਕੀਰਤਨ ਲੇਬਰ ਚੌਕ ,ਤਲਵੰਡੀ ਗੇਟ' ਸ. ਹਰੀ ਸਿੰਘ ਨਲਵਾ ਚੌਕ, ਤਾਜਪੁਰ ਚੌਕ, ਜੌਹਲਾਂ ਰੋਡ ਸਮੇਤ ਸ਼ਹਿਰ ਦੇ ਹੋਰਨਾਂ ਸਥਾਨਾਂ ਦੀ ਪਰਕਰਮਾ ਕਰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸਾਹਿਬ ਆ ਕੇ ਸੰਪੰਨ ਹੋਇਆ। ਨਗਰ ਕੀਰਤਨ ਦਾ ਸ਼ਹਿਰ ਦੇ ਵੱਖ ਵੱਖ ਸਥਾਨਾਂ ਤੇ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਲੰਗਰ ਲਗਾਏ ਗਏ । ਨਗਰ ਕੀਰਤਨ ਦੌਰਾਨ ਪ੍ਰਸਿੱਧ ਕਵੀਸ਼ਰੀ ਜੱਥਾ ਭਾਈ ਰਾਇ ਸਿੰਘ ਲੱਖਾ ਅਤੇ ਬਾਬਾ ਕੁਲਦੀਪ ਸਿੰਘ ਖਾਲਸਾ ਚੀਮਾ ਚੁਹਾਣੇ ਵਾਲਿਆਂ ਦੇ ਕੀਰਤਨੀ ਜਥੇ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਕਮੇਟੀ ਪ੍ਰਧਾਨ ਬੂਟਾ ਸਿੰਘ ਸਪਰਾ, ਮੀਤ ਪ੍ਰਧਾਨ ਗੁਰਮੀਤ ਸਿੰਘ ,ਅਵਤਾਰ ਸਿੰਘ ਚੀਮਾ ਸੈਕਟਰੀ, ਮੁਖਤਿਆਰ ਸਿੰਘ ਕੈਸ਼ੀਅਰ ,ਸੁਖਵਿੰਦਰ ਸਿੰਘ ਸਿਵੀਆ ਹੈੱਡ ਕੈਸ਼ੀਅਰ ,ਕੁਲਦੀਪ ਸਿੰਘ ਨੱਥੋਵਾਲ, ਬਲਬੀਰ ਸਿੰਘ, ਅੰਮ੍ਰਿਤਪਾਲ ਸਿੰਘ, ਜੰਗਪਾਲ ਸਿੰਘ, ਪਰਮਜੀਤ ਸਿੰਘ, ਕੁਲਵੰਤ ਸਿੰਘ ,ਦਰਸ਼ਨ ਸਿੰਘ ਫੌਜੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।