ਫਿਰੋਜ਼ਪੁਰ, 25 ਮਾਰਚ : ਪੰਜਾਬ ਯੂਨੀਵਰਸਿਟੀ ਕੰਸਟੀਚਿਊਟ ਕਾਲਜ ਮੋਹਕਮ ਖਾਂ ਵਾਲਾ ਵਿਖੇ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਐਥਲੈਟਿਕ ਮੀਟ ਵਿੱਚ 100 ਮੀਟਰ, 200 ਮੀਟਰ ਤੇ 400 ਮੀਟਰ ਦੋੜਾਂ ਤੋਂ ਇਲਾਵਾ ਸ਼ਾਟਪੁੱਟ, ਜੈਵਲਿਨ ਥਰੋ, ਡਿਸਕਸ ਥਰੋ, ਲੰਮੀ ਛਾਲ ਅਤੇ ਰੱਸਾਕਸੀ ਸਮੇਤ 29 ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵਿਦਿਆਰਥੀਆਂ ਨੇ ਭਾਰੀ ਉਤਸ਼ਾਹ ਨਾਲ ਭਾਗ ਲਿਆ ਅਤੇ ਖੇਡ ਨਿਯਮਾਂ ਦੀ ਪਾਲਣਾ ਦੀ ਸਹੁੰ ਵੀ ਚੁੱਕੀ। ਇਸ ਮੌਕੇ ਵਿਧਾਇਕ ਫਿਰੋਜ਼ਪਰ ਦਿਹਾਤੀ ਸ੍ਰੀ. ਰਜਨੀਸ਼ ਦਹੀਆ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਐਨ.ਆਰ. ਸਰਮਾ ਅਤੇ ਸਟਾਫ ਨਾਲ ਇਨਾਮਾਂ ਦੀ ਵੰਡ ਵੀ ਕੀਤੀ।ਵਿਧਾਇਕ ਸ਼੍ਰੀ ਰਜਨੀਸ਼ ਦਹੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ ਚਾਹੇ ਉਹ ਸਿੱਖਿਆ, ਵਿਕਾਸ , ਸਿਹਤ ਜਾਂ ਖੇਡਾਂ ਦਾ ਖੇਤਰ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਹੋ ਜਿਹੇ ਐਥਲੈਟਿਕ ਮੀਟ ਜਾਂ ਹੋਰ ਖੇਡ ਮੁਕਾਬਲੇ ਕਰਵਾਉਣ ਦਾ ਮਕਸਦ ਇਹ ਹੈ ਕਿ ਨੌਜਵਾਨ ਖੇਡਾਂ ਪ੍ਰਤੀ ਆਕਰਸਿਤ ਹੋਣ ਅਤੇ ਨਸ਼ਿਆਂ ਤੋਂ ਦੂਰ ਰਹਿਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ ਤੇ ਹੋਣ ਵਾਲੀਆ ਖੇਡਾਂ ਵਿੱਚ ਖੇਡਣ ਤੋਂ ਬਾਅਦ ਜਦੋਂ ਇਹੋ ਜਿਹੇ ਨੌਜਵਾਨ ਨੈਸ਼ਨਲ ਪੱਧਰ ਤੇ ਜਿੱਤ ਪ੍ਰਾਪਤ ਕਰਦੇ ਹਨ ਤਾਂ ਉਹ ਆਪਣੇ ਦੇਸ਼, ਮਾਤਾ ਪਿਤਾ ਅਤੇ ਸੰਸਥਾ ਦਾ ਨਾਮ ਵੀ ਰੌਸ਼ਨ ਕਰਦੇ ਹਨ। ਐਥਲੈਟਿਕ ਮੀਟ ਦੌਰਾਨ ਕਾਲਜ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਸਮੂਹ ਕਾਲਜ ਵਿਦਿਆਰਥੀਆ ਦੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਊਧਮ ਸਿੰਘ ਚਾਰ ਹਾਊਸ ਬਣਾਏ ਗਏ। ਜਿਨ੍ਹਾਂ ਵੱਲੋਂ ਸ਼ਾਨਦਾਰ ਪਰੇਡ ਦਾ ਪ੍ਰਦਰਸ਼ਨ ਕੀਤਾ ਗਿਆ ਤੇ ਪ੍ਰਿੰਸੀਪਲ ਵੱਲੋਂ ਸਲਾਮੀ ਦਿੱਤੀ ਗਈ। ਪਰੇਡ ਮਾਰਚ ਉਪਰੰਤ ਕਾਲਜ ਦੇ ਅਧਿਆਪਕ ਇੰਚਾਰਜ ਪ੍ਰੋਫੈਸਰ ਹਰਜਿੰਦਰ ਸਿੰਘ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਰਿਟਾ. ਇੰਸਪੈਕਟਰ ਹਰਬਰਿੰਦਰ ਸਿੰਘ ਡਰਿੱਲ ਮਾਸਟਰ ਵੱਲੋਂ ਪਰੇਡ ਮਾਰਚ ਵਿੱਚ ਸੁਖਦੇਵ ਹਾਊਸ ਨੂੰ ਬੈਸਟ ਹਾਊਸ ਅਤੇ ਪੂਰੇ ਖੇਡ ਸਮਾਗਮ ਵਿੱਚ ਰਾਜਗੁਰੂ ਹਾਊਸ ਨੂੰ ਬੈਸਟ ਹਾਊਸ ਐਲਾਨਿਆ ਗਿਆ। ਇਸ ਦੌਰਾਨ ਐਥਲੈਟਿਕ ਮੀਟ ਦੇ ਪਹਿਲੇ, ਦੂਜੇ ਤੇ ਤੀਜੇ ਸਥਾਨ ਵਾਲੇ ਵਿਦਿਆਰਥੀਆਂ ਤੇ ਐੱਨ.ਐੱਸ.ਐੱਸ. ਵਲੰਟੀਅਰ ਨੂੰ ਚੰਗੀ ਕਾਰਗੁਜਾਰੀ ਕਰਕੇ ਸਨਮਾਨਿਤ ਕੀਤਾ।ਸਮਾਗਮ ਦੇ ਅੰਤ ਵਿੱਚ ਕਾਲਜ ਪ੍ਰਿੰਸੀਪਲ ਡਾ. ਐੱਨ.ਆਰ. ਸਰਮਾ ਅਤੇ ਸਮੂਹ ਸਟਾਫ ਵੱਲੋਂ ਵਿਧਾਇਕ ਰਜਨੀਸ਼ ਦਹੀਆ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਹਰਨਾਮ ਸਿੰਘ, ਸੰਦੀਪ ਸਿੰਘ, ਅਜੇ ਸਿੰਘ, ਪ੍ਰੋਫੈਸਰ ਜਸਮੀਤ ਸਿੰਘ, ਮਨਦੀਪ ਸਿੰਘ, ਬਲਜਿੰਦਰ ਕੌਰ, ਮਨਦੀਪ ਕੌਰ, ਸਿਵਾਨੀ ਅਗਰਵਾਲ, ਕਿਰਨਦੀਪ ਕੌਰ, ਪੂਨਮ ਗੋਤਮ, ਪੂਜਾ ਠੁਕਰਾਲ, ਰਮਨਦੀਪ ਕੌਰ, ਮੰਜੂ ਰਾਣੀ ਸਮੇਤ ਸਮੂਹ ਕਾਲਜ ਸਟਾਫ ਆਦਿ ਹਾਜ਼ਰ ਸਨ।ਡਾ. ਰੇਸ਼ਮ ਸਿੰਘ ਵੱਲੋਂ ਸਟੇਜ ਸੈਕਟਰੀ ਵਜੋਂ ਭੂਮਿਕਾ ਬਾਖੂਬੀ ਨਿਭਾਈ ਗਈ।