ਬਲੀਦਾਨ ਦਿਵਸ ਮੌਕੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਦੋ ਮਿੰਟ ਦਾ ਮੋਨ ਧਾਰਿਆ

  • ਡਿਪਟੀ ਕਮਿਸ਼ਨਰ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ

ਫ਼ਰੀਦਕੋਟ 30 ਜਨਵਰੀ : ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਲੀਦਾਨ ਦਿਵਸ ਮੌਕੇ ਸੁਤੰਤਰਤਾ ਸੰਗਰਾਮ ਦੌਰਾਨ ਆਪਣੀਆਂ ਜਾਨਾਂ ਦੇਸ਼-ਕੌਮ ਲਈ ਵਾਰਨ ਵਾਲੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਤਸਵੀਰ ’ਤੇ ਫ਼ੁੱਲ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਕਿਹਾ ਦੇਸ਼ ਭਗਤਾਂ ਦੀ ਕੁਰਬਾਨੀਆਂ ਸਦਕਾ ਹੀ ਅੱਜ ਅਸੀ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਉਨਾਂ ਕਿਹਾ ਕਿ ਸਾਨੂੰ ਵੀ ਆਪਣੇ ਸ਼ਹੀਦਾਂ ਤੋਂ ਪ੍ਰੇਰਣਾ ਲੈਂਦਿਆਂ ਆਪਣੇ ਦੇਸ਼ ਦੀ ਤਰੱਕੀ ਲਈ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇ। ਇਸ ਮੌਕੇ ਸਮਾਰੋਹ ਵਿਚ ਪੁੱਜੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸ਼ਹੀਦਾਂ ਦੀ ਯਾਦ ਵਿਚ 2 ਮਿੰਟ ਦਾ ਮੋਨ ਧਾਰ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਪੁਲਿਸ ਦੀ ਟੁੱਕੜੀ ਵੱਲੋਂ ਸੋਗ ਸਾਲਾਮੀ ਵੀ ਦਿੱਤੀ ਗਈ। ਇਸ ਮੌਕੇ ਐਸ.ਡੀ.ਐਮ. ਫ਼ਰੀਦਕੋਟ ਸ੍ਰੀ ਵਰੁਣ ਕੁਮਾਰ,ਪੀ.ਏ ਸ੍ਰੀ ਮਹਿੰਦਰ ਪਾਲ,ਸ੍ਰੀ ਜਸਬੀਰ ਜੱਸੀ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।