- ਸੌਲਿਡ ਵੇਸਟ ਮੈਨੇਜਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਿਆ
- ਪਿੰਡ ਪੰਡਿਆਲਾ ਵਿਖੇ ਪੰਚਾਇਤ ਨੂੰ 05 ਲੱਖ 03 ਹਜ਼ਾਰ ਦਾ ਚੈੱਕ ਦਿੱਤਾ
- ਹਲਕਾ ਵਿਧਾਇਕ ਨੇ ਨੰਬਰਦਾਰ ਯੂਨੀਅਨ ਖਮਾਣੋੰ ਨਾਲ ਵਿਚਾਰ ਚਰਚਾ ਕੀਤੀ
ਬੱਸੀ ਪਠਾਣਾਂ, 04 ਅਗਸਤ : ਹਲਕੇ ਦੇ ਪਿੰਡਾਂ ਵਿਚ ਵਿਕਾਸ ਕਾਰਜ ਜੰਗੀ ਪੱਧਰ ਉੱਤੇ ਜਾਰੀ ਹਨ ਤੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਪਿੰਡ ਚੰਡਿਆਲਾ ਵਿਖੇ ਸੌਲਿਡ ਵੇਸਟ ਮੈਨੇਜਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਣ ਅਤੇ ਪਿੰਡ ਪੰਡਿਆਲਾ ਵਿਖੇ ਪੰਚਾਇਤ ਨੂੰ 05 ਲੱਖ 03 ਹਜ਼ਾਰ ਦਾ ਚੈੱਕ ਸੌਂਪਣ ਮੌਕੇ ਕੀਤਾ। ਇਹ ਰਾਸ਼ੀ ਖੇਡ ਮੈਦਾਨ ਲਈ ਵਰਤੀ ਜਾਵੇਗੀ। ਇਸ ਮੌਕੇ ਹਲਕਾ ਵਿਧਾਇਕ ਨੇ ਨੰਬਰਦਾਰ ਯੂਨੀਅਨ ਖਮਾਣੋੰ ਨਾਲ ਵਿਚਾਰ ਚਰਚਾ ਦੌਰਾਨ ਵਿਕਾਸ ਕਾਰਜਾਂ ਨੂੰ ਹੋਰ ਵਧੀਆ ਢੰਗ ਨਾਲ ਚਲਾਉਣ ਵਾਸਤੇ ਸਹਿਯੋਗ ਮੰਗਿਆ ਅਤੇ ਸਭ ਨੇ ਭਰੋਸਾ ਵੀ ਦਵਾਇਆ ਕਿ ਵਿਕਾਸ ਕਾਰਜਾਂ ਵਿੱਚ ਪੂਰਨ ਸਹਿਯੋਗ ਦਿੱਤਾ ਜਾਵੇਗਾ। ਹਲਕਾ ਵਿਧਾਇਕ ਨੇ ਕਿਹਾ ਕਿ ਜਿੱਥੇ ਪਿੰਡਾਂ ਵਿਚ ਵਿਕਾਸ ਕਾਰਜ ਲਗਾਤਾਰ ਮੁਕੰਮਲ ਹੋ ਰਹੇ ਹਨ, ਓਥੇ ਜੰਗੀ ਪੱਧਰ ਉੱਤੇ ਜਾਰੀ ਵੀ ਹਨ, ਜਿਹੜੇ ਕਿ ਜਲਦ ਹੀ ਮੁਕੰਮਲ ਕਰ ਲਏ ਜਾਣਗੇ। ਪੰਜਾਬ ਸਰਕਾਰ ਵੱਲੋਂ ਜਿੱਥੇ ਲਗਾਤਾਰ ਸੂਬੇ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ, ਉੱਥੇ ਲੋਕਾਂ ਦੀ ਭਲਾਈ ਲਈ ਇਤਿਹਾਸਕ ਫ਼ੈਸਲੇ ਵੀ ਲਏ ਜਾ ਰਹੇ ਹਨ। ਹਲਕਾ ਵਿਧਾਇਕ ਨੇ ਕਿਹਾ ਕਿ ਹਲਕਾ ਬੱਸੀ ਪਠਾਣਾਂ ਦੇ ਪਿੰਡਾਂ ਦਾ ਮਿਸਾਲੀ ਵਿਕਾਸ ਹੋ ਰਿਹਾ ਹੈ। ਦਿਨ ਰਾਤ ਇੱਕ ਕਰ ਕੇ ਪਿੰਡਾਂ ਦੇ ਵਿਕਾਸ ਕਾਰਜ ਕਰਵਾਏ ਹਨ ਤੇ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾ ਰਹੀ। ਇਸ ਮੌਕੇ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ, ਪੰਚ ਤੇ ਸਰਪੰਚ, ਵੱਡੀ ਗਿਣਤੀ ਪਿੰਡ ਵਾਸੀਆਂ ਸਮੇਤ ਪਤਵੰਤੇ ਹਾਜ਼ਰ ਸਨ।