ਲੁਧਿਆਣਾ 3 ਅਪ੍ਰੈਲ : ਬੀਤੇ ਦਿਨੀਂ ਇਕ ਨਵ ਵਿਆਹੁਤਾ ਜੋੜਾ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਮੌਕੇ ਪੀ.ਏ.ਯੂ. ਦੇ ਸੰਚਾਰ ਕੇਂਦਰ ਵਿਚ ਪਹੁੰਚਿਆ| ਜ਼ਿਲ੍ਹਾ ਜਲੰਧਰ ਦੇ ਤਹਿਸੀਲ ਫਿਲੌਰ ਦੇ ਪਿੰਡ ਮੋਰੋਂ ਦੇ ਨੌਜਵਾਨ ਕਿਸਾਨ ਸ. ਗੁਰਪ੍ਰੀਤ ਸਿੰਘ ਢੀਂਡਸਾ ਦਾ ਵਿਆਹ ਬੀਤੇ ਦਿਨੀਂ ਰਜਵਿੰਦਰ ਕੌਰ ਨਾਲ ਹੋਇਆ| ਵਿਆਹ ਤੋਂ ਬਾਅਦ ਇਸ ਜੋੜੇ ਨੇ ਪੀ.ਏ.ਯੂ. ਵਿਖੇ ਪਹੁੰਚ ਕੇ ਖੇਤੀ ਸਾਹਿਤ ਦੀ ਜਾਣਕਾਰੀ ਲਈ| ਉਹਨਾਂ ਦੀ ਅਗਵਾਈ ਲਈ ਉੱਘੇ ਅਗਾਂਹਵਧੂ ਕਿਸਾਨ ਸ. ਮਹਿੰਦਰ ਸਿੰਘ ਦੋਸਾਂਝ ਵੀ ਮੌਜੂਦ ਸਨ| ਸ. ਦੋਸਾਂਝ ਨੇ ਕਿਹਾ ਕਿ ਇਸ ਨਵੀਂ ਵਿਆਹੀ ਜੋੜੀ ਨੇ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਮੱਥਾ ਟੇਕਣ ਦੇ ਮੁਕਾਬਲੇ ਪੀ.ਏ.ਯੂ. ਵਿਚ ਆ ਕੇ ਵਿਗਿਆਨਕ ਖੇਤੀ ਨੂੰ ਸਮਝਣ ਅਤੇ ਇਸਲਈ ਖੇਤੀ ਸਾਹਿਤ ਨੂੰ ਅਪਨਾਉਣ ਦਾ ਪ੍ਰਣ ਕੀਤਾ ਹੈ| ਸ. ਦੋਸਾਂਝ ਨੇ ਕਿਹਾ ਕਿ ਇਸ ਜੋੜੀ ਕੋਲੋਂ ਪੰਜਾਬ ਦੀ ਨੌਜਵਾਨ ਕਿਸਾਨੀ ਨੂੰ ਸੇਧ ਅਤੇ ਪ੍ਰੇਰਨਾ ਦੀ ਉਮੀਦ ਹੈ| ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸ. ਗੁਰਪ੍ਰੀਤ ਸਿੰਘ ਢੀਂਡਸਾ ਪੰਜਾਬ ਦਾ ਅਗਾਂਹਵਧੂ ਨੌਜਵਾਨ ਕਿਸਾਨ ਹੈ| ਉਸਨੇ ਘਰੇਲੂ ਬਗੀਚੀ ਦਾ ਮਾਡਲ ਅਪਣਾ ਕੇ ਸਵੈ ਨਿਰਭਰ ਕਿਸਾਨੀ ਦੀ ਮਿਸਾਲ ਪੇਸ਼ ਕੀਤੀ ਹੈ| ਇਸ ਤੋਂ ਇਲਾਵਾ ਆਪਣੇ ਖੇਤ ਵਿਚ ਵਿਕਸਿਤ ਕਾਸ਼ਤ ਤਕਨੀਕਾਂ ਲਾਗੂ ਕਰਨ ਵਿਚ ਗੁਰਪ੍ਰੀਤ ਸਿੰਘ ਢੀਂਡਸਾ ਜ਼ਿਕਰਯੋਗ ਕਾਰਜ ਕਰ ਰਿਹਾ ਹੈ| ਉਹਨਾਂ ਦੀ ਜੀਵਨ ਸਾਥਣ ਵਜੋਂ ਰਜਵਿੰਦਰ ਕੌਰ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਡਾ. ਰਿਆੜ ਨੇ ਆਸ ਪ੍ਰਗਟ ਕੀਤੀ ਕਿ ਇਹ ਦੋਵੇਂ ਪੀ.ਏ.ਯੂ. ਦੀਆਂ ਖੇਤੀ ਤਕਨੀਕਾਂ ਨੂੰ ਪੇਂਡੂ ਇਲਾਕਿਆਂ ਦੇ ਲੋਕਾਂ ਤੱਕ ਪ੍ਰਸਾਰਨ ਵਿਚ ਭਰਪੂਰ ਯੋਗਦਾਨ ਪਾਉਣਗੇ| ਡਾ. ਰਿਆੜ ਨੇ ਇਸ ਮੌਕੇ ਨਵੇਂ ਵਿਆਹੇ ਜੋੜੇ ਨੂੰ ਪੀ.ਏ.ਯੂ. ਦੇ ਖੇਤੀ ਸਾਹਿਤ ਸ਼ਗਨ ਵਜੋਂ ਭੇਂਟ ਕੀਤਾ ਅਤੇ ਹੋਰ ਜੋੜਿਆਂ ਨੂੰ ਵੀ ਯੂਨੀਵਰਸਿਟੀ ਦਾ ਦੌਰਾ ਕਰਨ ਦੀ ਅਪੀਲ ਕੀਤੀ| ਇਸ ਮੌਕੇ ਡਾ. ਅਨਿਲ ਸ਼ਰਮਾ ਨੇ ਵਿਆਹੁਤਾ ਜੋੜੇ ਦਾ ਸਵਾਗਤ ਕਰਦਿਆਂ ਉਹਨਾਂ ਦੀ ਸਫਲ ਵਿਆਹੁਤਾ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਦਿੱਤੀਆਂ|