ਰਾਏਕੋਟ, 27 ਜਨਵਰੀ : ਸ਼ੋ੍ਰਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ ਸਾਲਾਨਾ ਪ੍ਰਕਾਸ਼ ਪੁਰਬ ਸੰਬੰਧੀ ਪਿੰਡ ਨੱਥੋਵਾਲ ਵਿਖੇ ਸ਼ਾਨਦਾਰ ਨਗਰ ਕੀਰਤਨ ਦਾ ਆਯੋਜਨ 29 ਜਨਵਰੀ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਕੀਤਾ ਜਾਵੇਗਾ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਸ਼ਰਧਾ ਅਤੇ ਉਤਸ਼ਾਹ ਨਾਲ ਭਾਗ ਲਵੇਗੀ। ਇਸ ਮੌਕੇ ਪ੍ਰਸਿੱਧ ਅੰਤਰਰਾਸ਼ਟਰੀ ਢਾਡੀ ਸ੍ਰ. ਅਜਾਇਬ ਸਿੰਘ ਅਣਖੀ ਬਠਿੰਡੇ ਵਾਲਿਆਂ ਦੇ ਜੱਥੇ ਵੱਲੋਂ ਸੰਗਤ ਨੂੰ ਪੂਰਾ ਦਿਨ ਗੁਰੂ ਇਤਿਹਾਸ ਨਾਲ ਜਾਣੂ ਕਰਵਾਇਆ ਜਾਵੇਗਾ। ਕੀਰਤਨੀ ਜੱਥੇ ਵੱਲੋਂ ਸ਼ਬਦ ਕੀਰਤਨ ਨਾਲ ਹਾਜ਼ਰੀ ਲਗਵਾਈ ਜਾਵੇਗੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਕਾਸ਼ ਪੁਰਬ ਸੰਬੰਧੀ ਮਿਤੀ 3 ਫਰਵਰੀ ਦਿਨ ਸ਼ੁੱਕਰਵਾਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕਰਵਾਇਆ ਜਾਵੇਗਾ, ਜਿਸ ਦਾ ਭੋਗ ਮਿਤੀ 5 ਫਰਵਰੀ ਦਿਨ ਐਤਵਾਰ ਨੂੰ ਪਾਇਆ ਜਾਵੇਗਾ ਅਤੇ ਸੰਗਤ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰੇਗੀ। ਇਸ ਮੌਕੇ ਵੀ ਕੀਰਤਨੀ ਜੱਥੇ ਵੱਲੋਂ ਹਾਜ਼ਰੀ ਲਗਵਾਈ ਜਾਵੇਗੀ ਅਤੇ ਸੰਗਤ ਲਈ ਅਤੁੱਟ ਲੰਗਰ ਵਰਤਾਇਆ ਜਾਵੇਗਾ। ਪ੍ਰਬੰਧਕਾਂ ਨੇ ਸਮੂਹ ਸੰਗਤ ਨੂੰ ਪ੍ਰਕਾਸ਼ ਪੁਰਬ ਸਮਾਗਮ ਵਿੱਚ ਸ਼ਿਰਕਤ ਕਰਕੇ ਲਾਹਾ ਖੱਟਣ ਦਾ ਸੱਦਾ ਦਿੱਤਾ ਹੈ।