ਮਾਂ ਪੁੱਤ ਦੇ ਕਤਲ ਦੀ ਗੁੱਥੀ  ਸੁਲਝਾਈ, ਰਿਸ਼ਤੇਦਾਰ ਹੀ ਨਿਕਲਿਆ ਕਾਤਲ : ਵਰੁਣ ਸ਼ਰਮਾ

ਪਟਿਆਲਾ 29 ਜੁਲਾਈ : ਪਟਿਆਲਾ ਦੇ ਸ਼ਹੀਦ ਊਧਮ ਸਿੰਘ ਨਗਰ ਵਿਚ ਮਾਂ ਪੁੱਤ ਦਾ ਬੇਰਹਿਮੀ ਨਾਲ ਕਤਲ ਕਰਨ ਵਾਲਾ ਰਿਸ਼ਤੇਦਾਰ ਹੀ ਨਿਕਲਿਆ ਇਸ ਮਾਮਲੇ 'ਚ ਜਾਣਕਾਰੀ ਦਿੰਦਿਆਂ ਐੱਸਐਸਪੀ ਵਰੁਣ ਸ਼ਰਮਾ ਆਈਪੀਐਸ ਨੇ ਦੱਸਿਆ ਕਿ ਹਰਜੀਤ ਸਿੰਘ ਉਰਫ ਕਾਕਾ ਵਾਸੀ ਬੂੰਦੀ ਰਾਜਸਥਾਨ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਮ੍ਰਿਤਕ ਜਸਵੀਰ ਕੌਰ ਦਾ ਰਿਸ਼ਤੇਦਾਰੀ ਵਿਚ ਭਾਣਜਾ ਲੱਗਦਾ ਹੈ ਤੇ ਘਰ ਵਿਚ ਆਉਂਦਾ ਜਾਂਦਾ ਸੀ। ਹਰਜੀਤ ਨੇ ਐਮਐੱਸਸੀ ਕੀਤੀ ਹੋਈ ਹੈ, ਕਈ ਮਹੀਨੇ ਤੋਂ ਪਟਿਆਲਾ ਰਹਿ ਰਿਹਾ ਸੀ। ਇਹ ਵਿਦੇਸ਼ ਜਾਣ ਦਾ ਇੱਛੁਕ ਦੀ ਪਰ ਉਸਦਾ ਇਹ ਸੁਪਨਾ ਪੈਸੇ ਦੀ ਘਾਟ ਕਰਕੇ ਪੂਰਾ ਨਹੀਂ ਹੋ ਰਿਹਾ ਸੀ। ਬੇਰੁਜ਼ਗਾਰ ਗੁਰਜੀਤ ਨੇ ਆਪਣੀ ਹੀ ਮਾਸੀ ਦੇ ਘਰ ਲੁੱਟ ਦੀ ਯੋਜਨਾ ਬਣਾਈ। 26 ਜੁਲਾਈ ਨੂੰ ਚਾਕੂ ਲੈਕੇ ਜਸਵੀਰ ਕੌਰ ਦੇ ਘਰ ਦਾਖਲ ਹੋਇਆ ਅਤੇ ਆਉਂਦਿਆ ਹੀ ਆਪਣੀ ਮਾਸੀ ਜਸਵੀਰ ਕੌਰ ਦੀ ਗਰਦਨ, ਪਿੱਠ ਤੇ ਸਿਰ 'ਤੇ ਚਾਕੂ ਨਾਲ ਕਈ ਵਾਰ ਕਰ ਦਿੱਤੇ। ਰੌਲਾ ਪੈਂਦਾ ਸੁਣ ਕੇ ਜਸਵੀਰ ਦਾ ਲੜਕਾ ਜੱਗੀ ਕਮਰੇ 'ਚੋਂ ਬਾਹਰ ਆਇਆ ਤਾਂ ਉਸਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ। ਦੋਵਾਂ ਦਾ ਕਤਲ ਕਰਨ ਤੋਂ ਬਾਅਦ ਲਾਸ਼ਾਂ ਘਸੀਟ ਕੇ ਗੁਸਲਖਾਨੇ 'ਚ ਸੁਟ ਦਿੱਤੀਆਂ। ਇਸ ਤੋਂ ਬਾਅਦ ਮਾਸੀ ਦੇ ਕੰਨ ਵਿੱਚ ਪਾਈਆਂ ਸੋਨੇ ਦੀਆਂ ਵਾਲਿਆਂ, ਘਰ 'ਚ ਪਈ ਕਰੀਬ 7 ਹਜ਼ਾਰ ਨਗਦੀ, ਚਾਂਦੀ ਦੇ ਗਹਿਣੇ ਆਦਿ ਚੁੱਕ ਲਾਏ। ਕਾਤਲ ਵਾਰਦਾਤ ਨੂੰ ਅੰਜਾਮ ਦੇਕੇ ਘਰ ਨੂੰ ਅੰਦਰੋਂ ਬੰਦ ਕਰਕੇ ਕੰਧ ਟੱਪ ਕੇ ਫ਼ਰਾਰ ਹੋ ਗਿਆ। ਐੱਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਨੂੰ ਐਸਪੀ ਸਰਫ਼ਰਾਜ਼ ਮੁਹੰਮਦ, ਡੀਐੱਸਪੀ ਜਸਵਿੰਦਰ ਟਿਵਾਣਾ, ਸੀਆਈਏ ਮੁਖੀ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਥਾਣਾ ਮੁਖੀ ਪਰਦੀਪ ਬਾਜਵਾ ਦੀਆਂ ਟੀਮਾਂ ਨੇ 48 ਘੰਟੇ 'ਚ ਸੁਲਝਾ ਕੇ ਮੁਲਜ਼ਮ ਨੂੰ ਗਿਰਫ਼ਤਾਰ ਕੀਤਾ ਹੈ।