-ਪੰਜਾਬ ਸਰਕਾਰ ਵੱਲੋਂ 3 ਕਰੋੜ 73 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਅਧੁਨਿਕ ਬੱਸ ਅੱਡਾ ਲੋਕਾਂ ਨੂੰ ਕੀਤਾ ਸਮਰਪਿਤ
-ਵਿਧਾਨ ਸਭਾ ਹਲਕਾ ਖੰਨਾ ਦੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋ ਨਵੇ ਸਾਲ ਤੇ ਅਧੁਨਿਕ ਬੱਸ ਅੱਡੇ ਦੇ ਰੂਪ ਵਿੱਚ ਦਿੱਤਾ ਗਿਆ ਵੱਡਾ ਤੋਹਫਾ
ਖੰਨਾ, 1 ਜਨਵਰੀ : ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋ ਵਿਧਾਨ ਸਭਾ ਹਲਕਾ ਖੰਨਾ ਦੇ ਲੋਕਾਂ ਨੂੰ ਨਵੇ ਸਾਲ ਤੇ ਵੱਡਾ ਤੋਹਫਾ ਦਿੰਦਿਆ ਖੰਨਾ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਨਾਮ ਤੇ 3 ਕਰੋੜ 73 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਅਧੁਨਿਕ ਬੱਸ ਅੱਡਾ ਲੋਕਾਂ ਨੂੰ ਸਮਰਪਿਤ ਕੀਤਾ ਜਿਸ ਦਾ ਉਦਘਾਟਨ ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਕੀਤਾ ਗਿਆ। ਵਿਧਾਇਕ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਸ ਬੱਸ ਅੱਡੇ ਦਾ ਫਾਇਦਾ ਸਫ਼ਰ ਕਰਨ ਵਾਲੇ ਆਮ ਲੋਕਾਂ ਨੂੰ ਹੋਵੇਗਾ। ਉਹਨਾਂ ਕਿਹਾ ਕਿ ਇਹ ਬੱਸ ਅੱਡਾ 12 ਕਾਊਂਟਰ, ਕੰਟੀਨ, ਵੇਟਿੰਗ ਰੂਮ, ਸਟਾਫ ਰੂਮ, ਇੰਨਕੁਆਰੀ ਰੂਮ, ਟਿਕਟ ਕਾਊਂਟਰ, ਮਾਡਰਨ ਬਾਥਰੂਮ, ਅੱਡਾ ਫੀਸ ਰੂਮ ਅਤੇ ਅੱਗ ਬਝਾਓ ਜੰਤਰ ਆਦਿ ਸਹੂਲਤਾਂ ਨਾਲ ਲੈੱਸ ਹੈ। ਉਹਨਾਂ ਕਿਹਾ ਕਿ ਹੁਣ ਖੰਨਾ ਆਉਣ-ਜਾਣ ਵਾਲੀ ਹਰੇਕ ਬੱਸ ਇਸ ਬੱਸ ਅੱਡੇ ਦੇ ਵਿੱਚ ਹੋ ਕੇ ਹੀ ਜਾਵੇਗੀ, ਇਸ ਲਈ ਟ੍ਰੈਫਿਕ ਪੁਲਿਸ ਖੰਨਾ ਦੀ ਡਿਊਟੀ ਵੀ ਲਗਾਈ ਜਾਵੇਗੀ। ਸ੍ਰੀ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਦਿਨ ਪ੍ਰਤੀ ਦਿਨ ਸੁਚਾਰੂ ਤੇ ਸੁਚੱਜੇ ਢੰਗ ਨਾਲ ਵਚਨਬੱਧ ਹੋ ਕੇ ਕੰਮ ਕਰ ਰਹੀ ਹੈ। ਉਹਨਾਂ ਹੋਰ ਯੌਜਨਾਵਾਂ ਬਾਰੇ ਬੋਲਦਿਆਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਸਮੇਂ ਜੀ.ਟੀ.ਰੋਡ ਖੰਨਾ ਤੇ ਜੋ ਐਨੀਮੇਟਿਡ ਪੁੱਲ ਠੋਸ ਮਿੱਟੀ ਦਾ ਬਣਾਇਆ ਗਿਆ ਜਦਕਿ ਇਹ ਪੁੱਲ ਪਿੱਲਰਾਂ ਤੇ ਬਣਾਇਆ ਜਾਣਾ ਸੀ। ਉਸ ਸਮੇਂ ਦੇ ਐਮ.ਐਲ.ਏ ਤੇ ਨਗਰ ਕੌਸਲ ਖੰਨਾ ਦੀ ਕਮੇਟੀ ਦੀ ਨਲਾਇਕੀ ਦੇ ਕਾਰਨ ਖੰਨਾ ਸ਼ਹਿਰ ਦੋ ਹਿੱਸਿਆ ਵਿੱਚ ਵੰਡਿਆ ਗਿਆ ਜਿਸ ਦਾ ਪ੍ਰਣਾਮ ਅਸੀਂ ਰੋਜ਼ਮਰਾ ਦੀ ਜਿ਼ੰਦਗੀ ਵਿੱਚ ਭੁਗਤ ਰਹੇ ਹਾਂ ਅਤੇ ਇਹ ਪੁੱਲ ਵੈਸੇ ਵੀ ਅਨਫਿੱਟ ਹੈ। ਉਹਨਾਂ ਕਿਹਾ ਕਿ ਅਸੀਂ ਇਸ ਪੁੱਲ ਦੇ ਪ੍ਰੋਜੈਕਟ ਵਿੱਚ ਬਦਲਾਅ ਲੈ ਕੇ ਆ ਰਹੇ ਹਾਂ ਇਸ ਲਈ ਇਸ ਪੁੱਲ ਦੀ ਫਾਈਲ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਜੀ ਦੇ ਰਾਹੀਂ ਕੇਂਦਰ ਸਰਕਾਰ ਤੱਕ ਪਹੁੰਚਦੀ ਕਰਾਂਗੇ, ਤਾਂ ਜ਼ੋ ਇਸ ਪੁੱਲ ਨੂੰ ਪਿੱਲਰਾਂ ਤੇ ਬਣਾ ਸਕੀਏ। ਵਿਧਾਇਕ ਨੇ ਖੰਨਾ ਸ਼ਹਿਰ ਲਈ ਇੱਕ ਹੋਰ ਪ੍ਰੋਜੈਕਟ ਬਾਰੇ ਬੋਲਦਿਆਂ ਕਿਹਾ ਕਿ ਇਸ ਪੁੱਲ ਦੇ ਨਾਲ-ਨਾਲ ਜ਼ੋ ਸਰਵਿਸ ਲੇਨਜ਼ ਹਨ ਉਹਨਾਂ ਦੇ ਆਸੇ-ਪਾਸੇ ਜ਼ੋ ਬਿਜਲੀ ਦੇ ਖੰਭੇ ਖੜ੍ਹੇ ਹਨ ਉਸ ਲਈ ਪ੍ਰੋਜੈਕਟ ਲੱਗਭੱਗ ਤਿਆਰ ਹੋ ਗਿਆ ਜਿਸ ਅਧੀਨ 10 ਕਰੋੜ 38 ਲੱਖ ਰੁਪਏ ਖਰਚ ਕੀਤੇ ਜਾਣਗੇ। ਜਿਸ ਵਿੱਚੋ 70 ਫੀਸਦੀ ਨਗਰ ਕੌਸਲ ਖੰਨਾ ਅਤੇ 30 ਫੀਸਦੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ ਵੱਲੋ ਹਿੱਸਾ ਪਾਇਆ ਜਾਵੇਗਾ। ਉਹਨਾਂ ਕਿਹਾ ਇਸ ਪ੍ਰੋਜੈਕਟ ਅਧੀਨ ਸਿਸਟਮ ਅਨੁਸਾਰ ਸਾਰੇ ਖੰਭਿਆਂ ਅਤੇ ਤਾਰਾਂ ਨੂੰ ਇੱਕ ਲਾਈਨ ਵਿੱਚ ਕੀਤਾ ਜਾਵੇਗਾ ਅਤੇ ਦੁਕਾਨਾਂ ਤੋਂ 8 ਤੋ 10 ਫੁੱਟ ਹਟ ਕੇ ਫੁੱਟਪਾਥ ਵੀ ਬਣੇਗਾ। ਵਿਧਾਇਕ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹੁਣ ਤੱਕ 100 ਮੁਹੱਲਾ ਕਲੀਨਿਕ ਬਣਾ ਕੇ ਸੁਚਾਰੂ ਰੂਪ ਨਾਲ ਚਲਾਏ ਜਾ ਰਹੇ ਹਨ ਅਤੇ 31 ਮਾਰਚ 2023 ਤੱਕ 750 ਹੋਰ ਮੁਹੱਲਾ ਕਲੀਨਿਕ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਕਰਾਗੇ, ਜਿਸ ਵਿੱਚੋਂ 5 ਮੁਹੱਲਾ ਕਲੀਨਿਕ ਖੰਨਾ ਵਿੱਚ ਬਣਨਗੇ।ਇਸ ਮੌਕੇ ਹੋਰਨਾ ਤੋਂ ਇਲਾਵਾ ਐਮ.ਐੈਲ.ਏ ਖੰਨਾ ਦੇ ਪਿਤਾ ਸ੍ਰੀ ਭੁਪਿੰਦਰ ਸਿੰਘ ਸੌਦ, ਕੌਸਲਰ ਸ੍ਰੀ ਜਤਿੰਦਰ ਪਾਠਕ, ਸ੍ਰੀ ਸੁਨੀਲ ਕੁਮਾਰ ਨੀਟਾ, ਸੁਰਿੰਦਰ ਬਾਵਾ, ਬਲਾਕ ਪ੍ਰਧਾਨ ਸ੍ਰੀ ਰਾਜਵੀਰ ਸ਼ਰਮਾ, ਸ੍ਰੀ ਤਰਿੰਦਰ ਗਿੱਲ, ਸ੍ਰੀ ਸੁਖਵਿੰਦਰ ਸਿੰਘ, ਸ੍ਰੀ ਵਰਿੰਦਰ ਸਿੰਘ ਬਰਨ, ਸ੍ਰੀ ਕਰਮਚੰਦ ਸ਼ਰਮਾ ਬੁਲਾਰਾ ਆਮ ਆਦਮੀ ਪਾਰਟੀ, ਸ੍ਰੀ ਕੁਲਵੰਤ ਸਿੰਘ ਮਹਿਮੀ, ਸ੍ਰੀ ਮਹੇਸ਼ ਕੁਮਾਰ ਪੀ.ਏ, ਜਿ਼ਲ੍ਹਾ ਪ੍ਰਧਾਨ ਐਕਸ ਸਰਵਿਸਮੈਨ ਸ੍ਰੀ ਲਛਮਣ ਸਿੰਘ ਗਰੇਵਾਲ, ਸ੍ਰੀ ਗੁਰਦੀਪ ਸਿੰਘ ਦੀਪੂ, ਈ.ਓ ਸ੍ਰੀ ਗੁਰਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਸ਼ਹਿਰ ਤੇ ਇਲਾਕਾ ਨਿਵਾਸੀ ਹਾਜ਼ਰ ਸਨ।