ਫਰੀਦਕੋਟ, 19 ਅਗਸਤ: ਫਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਅੱਜ ਮੁਕਤਸਰ- ਸਾਦਿਕ-ਫਿਰੋਜ਼ਪੁਰ ਸੜਕ ਦੇ ਕੰਮ ਦੀ ਸ਼ੁਰੂਆਤ ਕਰਵਾਈ । ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਸੜਕ ਦੇ ਕੰਮ ਦੀ ਮੁਰੰਮਤ ਦੀ ਮੰਗ ਇਲਾਕਾ ਨਿਵਾਸੀਆਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਅੱਜ ਬਹੁਤ ਹੀ ਵੱਡਭਾਗਾ ਦਿਨ ਹੈ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਲਟਕੀ ਹੋਈ ਲੋਕਾਂ ਦੀ ਮੰਗ ਅੱਜ ਪੂਰੀ ਹੋ ਗਈ ਹੈ। ਸ. ਗੁਰਦਿੱਤ ਸਿੰਘ ਸੇਖੋਂ ਨੇ ਜਿੱਥੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ ਕੁਲਤਾਰ ਸੰਧਵਾ ਦਾ ਧੰਨਵਾਦ ਕੀਤਾ ਉੱਥੇ ਉਨ੍ਹਾਂ ਨੇ ਐਮ.ਐਲ.ਏ ਫਿਰੋਜਪੁਰ ਰਜਨੀਸ਼ ਕੁਮਾਰ ਦਹੀਆ ਦਾ ਅਤੇ ਐਮ.ਐਲ.ਏ ਫੌਜਾ ਸਿੰਘ ਸ਼ਰਾਰੀ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਇਨ੍ਹਾਂ ਦਾ ਵੀ ਇਸ ਸੜਕ ਦੇ ਕੰਮ ਨੂੰ ਸ਼ੁਰੂ ਕਰਵਾਉਣ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸੜਕ ਹਰਿਆਣਾ ਅਤੇ ਰਾਜਸਥਾਨ ਨੂੰ ਜੰਮੂ ਕਸ਼ਮੀਰ ਨਾਲ ਜੋੜਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਆਵਾਜਾਈ ਇਸੇ ਸੜਕ ਤੋਂ ਹੁੰਦੀ ਸੀ, ਪਰ ਇਸ ਸੜਕ ਦੇ ਮਾੜੇ ਹਾਲਾਤਾਂ ਕਰਕੇ ਲੋਕਾਂ ਨੂੰ ਹੋਰਾਂ ਰਸਤਿਆਂ ਤੋਂ ਜਾਣਾ ਪੈਂਦਾ ਸੀ। ਇਸ ਸੜਕ ਦਾ ਕੰਮ ਕੁਝ ਤਕਨੀਕੀ ਕਾਰਨਾਂ ਕਰਕੇ ਰੁਕਿਆ ਹੋਇਆ ਸੀ ਜਿਸ ਨੂੰ ਸਮੂਹ ਐਮ ਐਲ ਏ ਸਾਹਿਬਾਨਾਂ ਅਤੇ ਸਪੀਕਰ ਪੰਜਾਬ ਵਿਧਾਨ ਸਭਾ ਨੇ ਰਲ ਕੇ ਦੂਰ ਕੀਤਾ ।ਉਨ੍ਹਾਂ ਕਿਹਾ ਕਿ ਜਦੋਂ ਤੋਂ ਇਹ ਸਰਕਾਰ ਬਣੀ ਉਦੋਂ ਤੋਂ ਹੀ ਸ. ਭਗਵੰਤ ਸਿੰਘ ਮਾਨ ਦਾ ਇਕੋ ਇਕ ਟੀਚਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੀ ਹਰ ਸਮੱਸਿਆ ਦਾ ਅਸੀਂ ਹੱਲ ਕਰਨਾ ਹੈ।