- ਅਧਿਕਾਰੀਆਂ ਨੂੰ ਪੌਦੇ ਲਗਾਉਣ ਦੀ ਮੁਹਿੰਮ 'ਤੇ ਵੀ ਧਿਆਨ ਦੇਣ ਦੇ ਦਿੱਤੇ ਨਿਰਦੇਸ਼
ਲੁਧਿਆਣਾ, 18 ਜੂਨ 2024 : ਮਾਨਸੂਨ ਦੀਆਂ ਤਿਆਰੀਆਂ ਅਤੇ ਬੂਟੇ ਲਗਾਉਣ ਦੀਆਂ ਮੁਹਿੰਮਾਂ 'ਤੇ ਧਿਆਨ ਕੇਂਦਰਿਤ ਕਰਦੇ ਹੋਏ, ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਸੋਮਵਾਰ ਨੂੰ ਆਪਣੇ ਦਫਤਰ ਵਿਖੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਨਗਰ ਨਿਗਮ ਜ਼ੋਨਲ ਕਮਿਸ਼ਨਰ (ਜ਼ੋਨ ਬੀ) ਨੀਰਜ ਜੈਨ, ਨਿਗਰਾਨ ਇੰਜਨੀਅਰ ਰਵਿੰਦਰ ਗਰਗ ਸਮੇਤ ਨਗਰ ਨਿਗਮ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਹੋਰ ਅਧਿਕਾਰੀ ਹਾਜ਼ਰ ਸਨ। ਵਿਧਾਇਕ ਪਰਾਸ਼ਰ ਨੇ ਅਧਿਕਾਰੀਆਂ ਨੂੰ ਬੁੱਢੇ ਨਾਲੇ ਦੀ ਸਫ਼ਾਈ ਲਈ ਨਿਯਮਤ ਤੌਰ 'ਤੇ ਨਿਗਰਾਨੀ ਰੱਖਣ ਅਤੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਅਧਿਕਾਰੀਆਂ ਨੂੰ ਮੌਨਸੂਨ ਸੀਜ਼ਨ ਦੌਰਾਨ ਬੂਟੇ ਲਗਾਉਣ ਦੀ ਮੁਹਿੰਮ ਚਲਾਉਣ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ। ਹਲਕੇ ਵਿੱਚ ਬੁੱਢੇ ਦਰਿਆ ਦੇ ਨਾਲ-ਨਾਲ, ਪਾਰਕਾਂ ਅਤੇ ਹੋਰ ਖਾਲੀ ਥਾਵਾਂ ਤੇ ਬੂਟੇ ਲਗਾਏ ਜਾਣ। ਇਸ ਤੋਂ ਇਲਾਵਾ ਵਿਧਾਇਕ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਜਿੱਥੇ ਵੀ ਲੋੜ ਹੋਵੇ ਮੈਨਹੋਲ ਦੇ ਢੱਕਣ, ਰੋਡ ਜਾਲੀਆਂ ਆਦਿ ਦੀ ਮੁਰੰਮਤ ਕੀਤੀ ਜਾਵੇ ਤਾਂ ਜੋ ਬਰਸਾਤ ਦੇ ਮੌਸਮ ਦੌਰਾਨ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਵਿਧਾਇਕ ਪਰਾਸ਼ਰ ਨੇ ਦੱਸਿਆ ਕਿ ਹਾਲ ਹੀ ਵਿੱਚ ਉਨ੍ਹਾਂ ਨੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਮਿਲ ਕੇ ਸ਼ਿਵਾਜੀ ਨਗਰ ਨਾਲੇ ਅਤੇ ਧਰਮਪੁਰਾ ਨਾਲੇ ਦੇ ਚੱਲ ਰਹੇ ਪ੍ਰੋਜੈਕਟਾਂ ਦਾ ਨਿਰੀਖਣ ਵੀ ਕੀਤਾ ਸੀ। ਅਧਿਕਾਰੀਆਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਮੌਸਮ ਦੌਰਾਨ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਤੋਂ ਰੋਕਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਵਿਧਾਇਕ ਨੇ ਸ਼ਹਿਰ ਵਾਸੀਆਂ ਨੂੰ ਮੌਨਸੂਨ ਸੀਜ਼ਨ ਦੌਰਾਨ ਆਪਣੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਚਲਾਉਣ ਦੀ ਵੀ ਅਪੀਲ ਕੀਤੀ। ਵਿਧਾਇਕ ਪਰਾਸ਼ਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਖੁੱਲ੍ਹੇ ਸਥਾਨਾਂ ਵਿੱਚ ਕੂੜਾ/ਪਲਾਸਟਿਕ ਡੰਪ ਕਰਨਾ ਬੰਦ ਕਰਨ ਕਿਉਂਕਿ ਇਹ ਚੀਜ਼ਾਂ ਸੀਵਰੇਜ ਸਿਸਟਮ ਨੂੰ ਜਾਮ ਕਰਦੀਆਂ ਹਨ, ਜਿਸ ਦੇ ਨਤੀਜੇ ਵਜੋਂ ਇਲਾਕੇ ਵਿੱਚ ਪਾਣੀ ਭਰ ਜਾਂਦਾ ਹੈ। ਵਿਧਾਇਕ ਪਰਾਸ਼ਰ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਚੌਕਸ ਰਹਿਣ ਅਤੇ ਉਹ ਖੁਦ (ਵਿਧਾਇਕ) ਵੀ 24x7 ਉਪਲਬਧ ਰਹਿਣਗੇ ਤਾਂ ਜੋ ਜ਼ਮੀਨੀ ਪੱਧਰ 'ਤੇ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।