ਸਾਹਨੇਵਾਲ, 5 ਫਰਵਰੀ (ਰਘਵੀਰ ਸਿੰਘ ਜੱਗਾ) : ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਸਸਤੀ ਰੇਤ ਦੇ ਵਾਅਦੇ ਨੂੰ ਪੂਰਾ ਕਰਦਿਆਂ ਅੱਜ 7 ਜ਼ਿਲ੍ਹਿਆਂ ਚ 16 ਸਰਕਾਰੀ ਰੇਤ ਦੀਆਂ ਖੱਡਾਂ ਦਾ ਮਹੂਰਤ ਕੀਤਾ ਹੈ ਜਿਨ੍ਹਾਂ ਰਾਹੀਂ ਟੈਕਸ ਸਮੇਤ ਸਾਢੇ 5 ਰੁਪਏ ਪ੍ਰਤੀ ਫੁੱਟ ਚਿੱਟੀ ਰੇਤ ਮਿਲੇਗੀ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਪਿੰਡ ਭੁਖੜੀ ਚ ਸਰਕਾਰੀ ਖੱਡ ਦਾ ਉਦਘਾਟਨ ਕਰਨ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਹਲਕਾ ਸਾਹਨੇਵਾਲ ਨੂੰ ਦੋ ਖੱਡਾਂ ਪਿੰਡ ਭੁਖੜੀ ਅਤੇ ਜਮਾਲਪੁਰ ਲੇਲੀ ਚ ਮਿਲੀਆਂ ਹਨ। ਉਨ੍ਹਾਂ ਇਸਦੇ ਲਈ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ੍ਰ ਮਾਨ ਦੇ ਕੀਤੇ ਵਾਅਦੇ ਮੁਤਾਬਿਕ ਹੁਣ ਰੇਤੇ ਦੀ ਟਰਾਲੀ 11 ਸੌ ਦੇ ਕਰੀਬ ਵਿੱਚ ਮਿਲੇਗੀ। ਉਨ੍ਹਾਂ ਕਿਹਾ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਜਿੱਥੇ ਗਰੰਟੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਚੋਣਾਂ ਦੌਰਾਨ ਕੀਤੇ ਵਾਅਦੇ ਵੀ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਸਤੀ ਰੇਤ ਦਾ ਵਾਅਦਾ ਪੂਰਾ ਹੋਣ ਕਾਰਨ ਵਿਰੋਧੀਆਂ ਕੋਲੋਂ ਇੱਕ ਹੋਰ ਮੁੱਦਾ ਖੁਸ ਰਿਹਾ ਹੈ। ਉਨ੍ਹਾਂ ਕਿਹਾ ਜਲਦ ਹੀ ਵਿਰੋਧੀ ਪਾਰਟੀਆਂ ਮੁੱਦਾਹੀਣ ਹੋ ਜਾਣਗੀਆਂ। ਕਾਰਜਕਾਰੀ ਇੰਜੀਨੀਅਰ ਸੰਦੀਪ ਸਿੰਘ ਮਾਂਗਟ ਨੇ ਕਿਹਾ ਕਿ ਸਾਡੇ ਕੋਲ ਰੇਤ ਭਰਨ ਵਾਲੀ ਲੇਬਰ ਦਾ ਪ੍ਰਬੰਧ ਕੀਤਾ ਹੋਇਆ ਹੈ ਅਤੇ ਰੇਤ ਲੈਣ ਵਾਲਾ ਖੁਦ ਦੀ ਲੇਬਰ ਨਾਲ ਵੀ ਆਪਣੀ ਟਰਾਲੀ ਭਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਰੇਤ ਲਈ ਘਰ ਬੈਠ ਕੇ ਵੀ ਆਨਲਾਈਨ ਪ੍ਰਕਿਰਿਆ ਰਾਹੀਂ ਆਪਣੀ ਬੁਕਿੰਗ ਕਰਵਾ ਸਕਦਾ ਹੈ ਜਿਸਦੇ ਲਈ ਐਪ 'ਪੰਜਾਬ ਸੈਂਡ' ਡਾਊਨਲੋਡ ਕਰਕੇ ਉਸ ਉਤੇ ਅਪਲਾਈ ਕੀਤਾ ਜਾ ਸਕਦਾ ਹੈ। ਇਸ ਮੌਕੇ ਗੁਰਸਿਮਰਨ ਸਿੰਘ ਢਿੱਲੋਂ ਐਸ ਡੀ ਐਮ, ਐਸ ਡੀ ਓ ਦਿਨੇਸ਼ ਗੁਪਤਾ ਤੇ ਮਨਪ੍ਰੀਤ ਸਿੰਘ, ਸੁਦਾਗਰ ਸਿੰਘ ਸਰਪੰਚ ਧਨਾਨਸੂ, ਰਣਧੀਰ ਸਿੰਘ, ਪੀਏ ਰਣਜੀਤ ਸੈਣੀ,ਜਸਪਾਲ ਸਿੰਘ ਸੈਣੀ, ਕੁਲਦੀਪ ਐਰੀ, ਕੁਲਵਿੰਦਰ ਸ਼ਾਰਦੇ, ਜੋਨੀ ਸੈਣੀ, ਲਵਪ੍ਰੀਤ ਸਿੰਘ, ਰਣਯੋਧ ਸਿੰਘ, ਬੱਬੂ ਮੁੰਡੀਆਂ, ਗੁਰਸੇਵਕ ਸਿੰਘ, ਪਲਵਿੰਦਰ ਸੰਧੂ ਅਤੇ ਹੋਰ ਹਾਜ਼ਰ ਸਨ।