ਫਾਜਿ਼ਲਕਾ, 27 ਜਨਵਰੀ : ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਬੱਲੂਆਣਾ ਹਲਕੇ ਦੇ ਪਿੰਡ ਸ਼ੇਰਗੜ੍ਹ ਵਿਖੇ ਰਾਮਸਰਾ ਮਾਇਨਰ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ। ਇਸ ਦੇ ਨਿਰਮਾਣ ਤੇ 9.5 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੀ ਵਿਸੇਸ਼ ਤੌਰ ਤੇ ਹਾਜਰ ਸਨ। ਇਸ ਤੋਂ ਬਾਅਦ ਪਿੰਡ ਵਿਚ ਇਕ ਭਰਵੀਂ ਜਨਸਭਾ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ: ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਰਾਜ ਸਰਕਾਰ ਕਿਸਾਨਾਂ ਨੂੰ ਟੇਲਾਂ ਤੱਕ ਪੂਰਾ ਪਾਣੀ ਪੁੱਜਦਾ ਕਰਨ ਲਈ ਦ੍ਰਿੜ ਸੰਕਲਪਿਤ ਹੈ। ਉਨ੍ਹਾਂ ਨੇ ਕਿਹਾ ਕਿ ਰਾਮਸਰਾ ਮਾਇਨਰ ਦਾ 19 ਕਿਲੋਮੀਟਰ ਹਿੱਸਾ ਮੁੜ ਤੋਂ ਕੰਕਰੀਟ ਦਾ ਬਣਾਇਆ ਜਾ ਰਿਹਾ ਹੈ ਜਿਸ ਨਾਲ ਇਲਾਕੇ ਦੇ ਕਿਸਾਨਾਂ ਦੀ ਹਜਾਰਾਂ ਏਕੜ ਜਮੀਨ ਨੂੰ ਪਾਣੀ ਮਿਲੇਗਾ। ਜਲ ਸਰੋਤ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਕਿੱਕਰ ਖੇੜਾ, ਭੰਗਰ ਖੇੜਾ, ਵਰਿਆਮ ਖੇੜਾ ਅਤੇ ਢੀਂਗਾਂ ਵਾਲੀ ਮਾਈਨਰਾਂ ਅਤੇ ਮਲੂਕਪੁਰਾ ਨਹਿਰ ਦੇ ਤਿੰਨ ਪੁੱਲਾਂ ਦਾ ਕੰਮ ਵੀ ਅਗਲੀ ਬੰਦੀ ਵਿਚ ਕਰਦਾ ਦਿੱਤਾ ਜਾਵੇਗਾ। ਇਸਤੇ 2.1 ਕਰੋੜ ਰੁਪਏ ਖਰਚ ਆਵੇਗਾ। ਇੱਥੇ ਉਨ੍ਹਾਂ ਨੇ ਇਲਾਕੇ ਦੀ ਇਕ ਹੋਰ ਮਹੱਤਵਪੂਰਨ ਸੁਖਚੈਨ ਮਾਇਨਰ ਨਹਿਰ ਦੇ ਨਵੀਨੀਕਰਨ ਦੀ ਮੰਗ ਪ੍ਰਵਾਨ ਕਰਦਿਆਂ ਕਿਹਾ ਕਿ 10 ਕਰੋੜ ਰੁਪਏ ਦੀ ਲਾਗਤ ਨਾਲ ਇਸਦਾ ਨਵੀਨੀਕਰਨ ਵੀ ਪੰਜਾਬ ਸਰਕਾਰ ਵੱਲੋਂ ਜਲਦ ਕਰਵਾਇਆ ਜਾਵੇਗਾ। ਜਲ ਸਰੋਤ ਮੰਤਰੀ ਨੇ ਦੱਸਿਆ ਕਿ ਨਹਿਰਾਂ ਤੋਂ ਇਲਾਵਾਂ ਖਾਲਿਆਂ ਨੂੰ ਪੱਕੇ ਕਰਨ ਲਈ ਵੀ ਪੰਜਾਬ ਸਰਕਾਰ 120 ਕਰੋੜ ਰੁਪਏ ਦੇ ਪ੍ਰੋਜ਼ੈਕਟ ਦੀ ਜਲਦ ਸ਼ੁਰੂਆਤ ਕਰਨ ਜਾ ਰਹੀ ਹੈ ਜਿਸ ਨਾਲ ਕਿਸਾਨਾਂ ਦੇ ਖੇਤਾਂ ਤੱਕ ਪੂਰਾ ਪਾਣੀ ਪੁੱਜ਼ਣ ਲੱਗੇਗਾ। ਇਸ ਮੌਕੇ ਉਨ੍ਹਾਂ ਨੇ ਹਲਕੇ ਦੇ ਵਿਕਾਸ ਲਈ ਪੰਜਾਬ ਸਰਕਾਰ ਦੇ ਯਤਨਾਂ ਦੀ ਗੱਲ ਕਰਦਿਆਂ ਕਿਹਾ ਕਿ ਬੱਲੂਆਣਾ ਹਲਕੇ ਦੇ ਪਿੰਡ ਸੁਖਚੈਨ ਵਿਖੇ 15.38 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਕਾਲਜ ਵੀ ਸੂਬਾ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਹੀ 25000 ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਹੁਣ ਹਰ ਸਾਲ ਪੁਲਿਸ ਵਿਭਾਗ ਵਿਚ ਘੱਟੋ ਘੱਟ 2100 ਪੋਸਟਾਂ ਜਰੂਰ ਕੱਢਿਆ ਕਰੇਗੀ। ਇਸ ਤੋਂ ਪਹਿਲਾਂ ਇੱਥੇ ਪੁੱਜਣ ਤੇ ਹਲਕੇ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਉਨ੍ਹਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਆਖਿਆ ਕਿ ਪਿੱਛਲੀਆਂ ਸਰਕਾਰਾਂ ਸਮੇਂ ਬੱਲੂਆਣਾ ਹਲਕੇ ਦੇ ਲੋਕਾਂ ਦੇ ਅਧਿਕਾਰਾਂ ਤੇ ਗੁਆਂਢੀ ਹਲਕਿਆਂ ਵੱਲੋਂ ਡਾਕਾ ਵੱਜਦਾ ਰਿਹਾ ਹੈ ਪਰ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਸਰਕਾਰ ਬਣਨ ਤੋਂ ਬਾਅਦ ਇਲਾਕੇ ਵਿਚ ਵਿਕਾਸ ਕਾਰਜ ਹੋਣ ਲੱਗੇ ਹਨ। ਇਸ ਮੌਕੇ ਐਸਡੀਐਮ ਸ੍ਰੀ ਅਕਾਸ਼ ਬਾਂਸਲ ਆਈਏਐਸ, ਨਿਗਰਾਨ ਇੰਜਨੀਅਰ ਸ੍ਰੀ ਹਰਦੀਪ ਸਿੰਘ ਮਹਿੰਦੀਰੱਤਾ, ਕਾਰਜਕਾਰੀ ਇੰਜਨੀਅਰ ਸ੍ਰੀ ਸੁਖਜੀਤ ਸਿੰਘ ਰੰਧਾਵਾ, ਧਰਮਵੀਰ ਗੋਦਾਰਾ, ਮਨੋਜ਼ ਗੋਦਾਰਾ, ਅੰਗਰੇਜ਼ ਸਿੰਘ, ਬਲਦੇਵ ਸਿੰਘ ਆਦਿ ਵੀ ਹਾਜਰ ਸਨ।