- ਵਿਕਾਸ ਕੰਮ ਤੈਅ ਸਮਾਂ ਹੱਦ ਅੰਦਰ ਪੂਰੇ ਕਰਨ ਦੇ ਹੁਕਮ, ਦਫ਼ਤਰਾਂ ਵਿਚ ਲੋਕਾਂ ਨੂੰ ਨਾ ਆਵੇ ਕੋਈ ਪਰੇਸ਼ਾਨੀ
ਫਾਜਿ਼ਲਕਾ, 21 ਸਤੰਬਰ : ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਅੱਜ ਇੱਥੇ ਵੱਖ ਵੱਖ ਵਿਭਾਗਾਂ ਦੇ ਕੰਮਕਾਜ ਦੀ ਸਮੀਖਿਆ ਲਈ ਅਧਿਕਾਰੀਆਂ ਨਾਲ ਬੈਠਕ ਕੀਤੀ। ਬੈਠਕ ਵਿਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਕਾਸ ਕੰਮ ਤੈਅ ਸਮਾਂ ਹੱਦ ਅੰਦਰ ਪੂਰੇ ਹੋਣ ਅਤੇ ਵਿਕਾਸ ਕਾਰਜਾਂ ਦੀ ਗੁਣਵਤਾ ਵਿਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਡਿਪਟੀ ਕਮਿਸ਼ਨਰ ਨੇ ਇਹ ਵੀ ਹਦਾਇਤ ਕੀਤੀ ਕਿ ਸਰਕਾਰੀ ਦਫ਼ਤਰਾਂ ਵਿਚ ਕੰਮਕਾਜ ਲਈ ਆਉਣ ਵਾਲੇ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਅਤੇ ਸਮਾਜ ਭਲਾਈ ਸਕੀਮਾਂ ਦਾ ਲਾਭ ਹਰੇਕ ਯੋਗ ਵਿਅਕਤੀ ਤੱਕ ਪੁੱਜੇ। ਡਿਪਟੀ ਕਮਿਸ਼ਨਰ ਉਪਮੰਡਲ ਮੈਜਿਸਟ੍ਰੇਟਾਂ ਨੂੰ ਕਿਹਾ ਕਿ ਉਹ ਨਿਯਮਤ ਤੌਰ ਤੇ ਨਸ਼ਾ ਮੁਕਤੀ ਕੇਂਦਰਾਂ/ਓਟ ਕਲੀਨਿਕਾਂ ਦੀ ਪੜਤਾਲ ਕਰਦੇ ਰਹਿਣ। ਉਨ੍ਹਾਂ ਨੇ ਮਗਨਰੇਗਾ ਸਕੀਮ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਫਾਜਿ਼ਲਕਾ ਸ਼ਹਿਰ ਵਿਚ 12 ਸੜਕਾਂ ਦੀ ਮੁਰੰਮਤ ਦਾ ਕੰਮ ਜਲਦ ਸ਼ੁਰੂ ਕਰਵਾਇਆ ਜਾਵੇਗਾ।ਇਸੇ ਤਰਾਂ ਜਲਾਲਾਬਾਦ ਨਗਰ ਕੌਂਸਲ ਵੱਲੋਂ ਸੱਵਛ ਭਾਰਤ ਮਿਸ਼ਨ ਤਹਿਤ 95 ਲੱਖ ਰੁਪਏ ਨਾਲ ਸਫਾਈ ਕਾਰਜਾਂ ਲਈ ਮਸ਼ੀਨਾਂ ਦੀ ਖਰੀਦ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ 15ਵੇਂ ਵਿੱਤ ਕਮਿਸ਼ਨ ਦੇ 2.29 ਕਰੋੜ ਦੇ ਉਪਲਬੱਧ ਫੰਡ ਵੀ ਸਕੀਮ ਦੀ ਗਾਇਡਲਾਇਨ ਅਨੁਸਾਰ ਜਲਾਲਾਬਾਦ ਸ਼ਹਿਰ ਦੇ ਵਿਕਾਸ ਲਈ ਖਰਚਣ ਦੇ ਹੁਕਮ ਦਿੱਤੇ। ਡਿਪਟੀ ਕਮਿਸ਼ਨਰ ਨੇ ਸਥਾਨਕ ਸਰਕਾਰਾਂ ਵਿਭਾਗਾਂ ਨੂੰ ਸ਼ਹਿਰਾਂ ਵਿਚੋਂ ਨਜਾਇਜ਼ ਕਬਜੇ ਹਟਾਉਣ ਅਤੇ ਪਾਬੰਦੀਸੁਦਾ ਇਕਹਰੀ ਵਰਤੋਂ ਵਾਲੇ ਪਲਾਸਟਿਕ ਦੀ ਵਰਤੋਂ ਖਿਲਾਫ ਕਾਰਵਾਈ ਲਈ ਵੀ ਸਖ਼ਤ ਹਦਾਇਤਾਂ ਕੀਤੀਆਂ। ਬੈਠਕ ਦੌਰਾਨ ਨਹਿਰੀ ਵਿਭਾਗ ਦੇ ਨੁੰਮਾਇੰਦੇ ਨੇ ਦੱਸਿਆ ਕਿ ਇਸ ਵਿੱਤੀ ਸਾਲ ਦੌਰਾਨ ਨਹਿਰੀ ਪਾਣੀ ਚੋਰੀ ਦੇ ਮਾਮਲਿਆਂ ਵਿਚ 9 ਐਫਆਈਆਰ ਕਰਵਾਈਆਂ ਗਈਆਂ ਹਨ। ਬੈਠਕ ਵਿਚ ਏਡੀਸੀ ਜਨਰਲ ਅਵਨੀਤ ਕੌਰ, ਸ੍ਰੀ ਅਕਾਸ਼ ਬਾਂਸਲ, ਐਸਡੀਐਮ ਸ੍ਰੀ ਨਿਕਾਸ ਖੀਂਚੜ ਤੇ ਰਵਿੰਦਰ ਸਿੰਘ ਅਰੋੜਾ, ਸਹਾਇਕ ਕਮਿਸ਼ਨਰ ਜਨਰਲ ਸਾਰੰਗਪ੍ਰੀਤ ਸਿੰਘ, ਡੀਡੀਪੀਓ ਸੰਜੀਵ ਸ਼ਰਮਾ, ਡੀਆਈਓ ਡਾ: ਐਰਿਕ ਆਦਿ ਵੀ ਹਾਜਰ ਸਨ।