
- ਕੁਸ਼ਟ ਰੋਗ ਪੂਰੀ ਤਰ੍ਹਾਂ ਇਲਾਜਯੋਗ ਹੈ ਅਤੇ ਇਸਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਫਤ ਕੀਤਾ ਜਾਂਦਾ ਹੈ: ਡਾ ਜਗਦੀਪ ਚਾਵਲਾ ਸਿਵਲ ਸਰਜਨ
ਸ੍ਰੀ ਮੁਕਤਸਰ ਸਾਹਿਬ 13 ਫਰਵਰੀ 2025 : ਸਰਕਾਰ ਵਲੋਂ ਕੁਸ਼ਟ ਰੋਗ ਨੂੰ ਖਤਮ ਲਈ ਸਪਰਸ਼ ਲੈਪਰੋਸੀ ਜਾਗਰੁਕਤਾ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਤਹਿਤ ਸਿਹਤ ਵਿਭਾਗ ਵਲੋਂ ਡਾ ਜਗਦੀਪ ਚਾਵਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿਚ ਸ਼ਿਵ ਸ਼ਕਤੀ ਕੁਸ਼ਟ ਆਸ਼ਰਾਮ ਸ੍ਰੀ ਮੁਕਤਸਰ ਸਾਹਿਬ ਅਤੇ ਨਵਜੀਵਨ ਕੁਸ਼ਟ ਆਸ਼ਰਮ ਮਲੋਟ ਵਿਖੇ ਰਹਿ ਰਹੇ ਵਿਅਕਤੀਆਂ ਨੂੰ ਦਵਾਈਆਂ ਅਤੇ ਹੋਰ ਲੋੜੀਂਦਾ ਸਾਜੋ ਸਮਾਨ ਦਿੱਤਾ ਗਿਆ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਡਾ ਜਗਦੀਪ ਚਾਵਲਾ ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ 30 ਜਨਵਰੀ ਤੋਂ 28 ਫਰਵਰੀ 2025 ਤੱਕ ਵਿਸ਼ੇਸ਼ ਸਪੱਰਸ਼ ਲੈਪਰੋਸੀ ਜਾਗਰੁਕਤਾ ਮੁਹਿੰਮ ਚਲਾਈ ਜਾ ਰਹੀ ਹੈ, ਇਸ ਸਬੰਧ ਸਿਹਤ ਵਿਭਾਗ ਵਲੋਂ ਜਾਗਰੁਕਤਾ ਰੈਲੀਆਂ, ਗਰੁੱਪ ਮੀਟਿੰਗਾ ਕਰਕੇ ਆਮ ਲੋਕਾਂ ਨੂੰ ਜਾਗਰੁਕ ਕਰਨ ਤੋਂ ਇਲਾਵਾ ਪ੍ਰਵਾਸੀ ਮਜਦੂਰਾਂ ਦੇ ਰਿਹਾਇਸ਼ ਵਾਲੇ ਖੇਤਰਾਂ ਵਿਚ ਸਰਵੇ ਕੀਤਾ ਜਾ ਰਿਹਾ ਹੈ, ਜੇਕਰ ਕੋਈ ਮਰੀਜ ਲੱਭਦਾ ਹੈ ਤਾਂ ਉਸਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਕੁਸ਼ਟ ਰੋਗ ਇਲਾਜਯੋਗ ਹੈ, ਜੇਕਰ ਕਿਸੇ ਵਿਅਕਤੀ ਦੀ ਚਮੜੀ ਤੇ ਤਾਂਬੇ ਰੰਗ ਦੇ ਸੁੰਨ ਧੱਬੇ, ਚਮੜੀ ਦਾ ਸੁੰਨਾਪਣ, ਨਸਾਂ ਮੋਟੀਆਂ ਅਤੇ ਸਖਤ, ਚਮੜੀ ਤੇ ਠੰਡੇ ਅਤੇ ਗਰਮ ਦਾ ਭੇਦ ਨਾ ਲੱਗਣਾ, ਨਾ ਠੀਕ ਹੋਣ ਵਾਲੇ ਜਖਮ ਹੋ ਜਾਣ ਤਾਂ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਜਾ ਕੇ ਚੈਕ ਕਰਵਾਉਣਾ ਚਾਹੀਦਾ ਹੈ। ਇਸ ਮੁਹਿੰਮ ਦੇ ਸਬੰਧ ਵਿਚ ਡਾ. ਆਲਮਜੀਤ ਸਿੰਘ ਜਿਲ੍ਹਾ ਲੈਪਰੋਸੀ ਅਫਸਰ ਅਤੇ ੳੇੁਨ੍ਹਾਂ ਦੀ ਟੀਮ ਵਲੋਂ ਕੁਸ਼ਟ ਆਸ਼ਰਾਮ ਸ਼੍ਰੀ ਮੁਕਤਸਰ ਸਾਹਿਬ ਅਤੇ ਮਲੋਟ ਵਿਖੇ ਸਮਾਗਮ ਕੀਤੇ ਗਏ ਅਤੇ ਉੱਥੇ ਰਹਿ ਰਹੇ ਲੋਕਾਂ ਦਾ ਮੈਡੀਕਲ ਚੈਕਅੱਪ ਕੀਤਾ ਗਿਆ। ਇਸ ਮੌਕੇ ਡਾ. ਆਲਮਜੀਤ ਸਿੰਘ ਜਿਲ੍ਹਾ ਲੈਪਰੋਸੀ ਅਫਸਰ ਨੇ ਕਿਹਾ ਕਿ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਕੁਸ਼ਟ ਰੋਗੀਆਂ ਦੀ ਜਾਂਚ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਬਹੁ ਔਸ਼ਧੀ ਦਵਾਈਆਂ ਨਾਲ ਕੁਸ਼ਟ ਰੋਗ ਦਾ ਸੌ ਫੀਸਦੀ ਇਲਾਜ ਸੰਭਵ ਹੈ ।ਇਸ ਸਮੇਂ ਕੁਸ਼ਟ ਆਸ਼ਰਮ ਵਾਸੀ ਅਤੇ ਮਰੀਜਾਂ ਨੂੰ ਲੋੜੀਦੀਆਂ ਪੱਟੀਆਂ, ਦਵਾਈਆਂ ਅਤੇ ਹੋਰ ਸਮਾਨ ਦਿੱਤਾ ਗਿਆ । ਇਸ ਸਮੇਂ ਸ਼੍ਰੀ ਸੰਦੀਪ ਕੁਮਾਰ ਸਿਹਤ ਕਰਮਚਾਰੀ ਅਤੇ ਸਿਹਤ ਸਟਾਫ ਹਾਜ਼ਰ ਸੀ।