
ਸ੍ਰੀ ਫ਼ਤਹਿਗੜ੍ਹ ਸਾਹਿਬ,19 ਮਾਰਚ (ਹਰਪ੍ਰੀਤ ਸਿੰਘ ਗੁੱਜਰਵਾਲ) : ਮਾਤਾ ਗੁਜਰੀ ਕਾਲਜ ਦੇ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਦੀ ਇੰਗਲਿਸ਼ ਲਿਟਰੇਰੀ ਸੁਸਾਇਟੀ ਵੱਲੋਂ ਵਿਦਿਆਰਥੀਆਂ ਲਈ 'ਰੀਵਿਊ ਕੁਐਸਟ: ਪੁਸਤਕ ਸਮੀਖਿਆ ਮੁਕਾਬਲਾ' ਆਯੋਜਿਤ ਕਰਵਾਇਆ ਗਿਆ ਜਿਸ ਵਿਚ ਲਗਭਗ 27 ਵਿਦਿਆਰਥੀਆਂ ਵੱਲੋਂ ਆਪਣੀਆਂ ਮਨਪਸੰਦ ਪੁਸਤਕਾਂ ਦੇ ਰੀਵਿਊ ਪੇਸ਼ ਕੀਤੇ ਗਏ। ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਕਿਤਾਬਾਂ ਪੜ੍ਹਨ ਦੀ ਰੁਚੀ ਨੂੰ ਮੁੜ ਸੁਰਜੀਤ ਕਰਨਾ ਅਤੇ ਉਨ੍ਹਾਂ ਦੀ ਵਿਸ਼ਲੇਸ਼ਣਾਤਮਕ ਸੋਚ ਨੂੰ ਵਿਕਸਤ ਕਰਨਾ ਸੀ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਇੰਗਲਿਸ਼ ਲਿਟਰੇਰੀ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕਲਾਤਮਕ ਅਤੇ ਰਚਨਾਤਮਕ ਮੁਕਾਬਲੇ ਵਿਦਿਆਰਥੀਆਂ ਨੂੰ ਕਿਤਾਬਾਂ ਦੀ ਸੰਗਤ ਕਰਨ ਲਈ ਪ੍ਰੇਰਦੇ ਹਨ ਅਤੇ ਉਨ੍ਹਾਂ ਦੇ ਵਿਹਾਰਕ ਵਿਕਾਸ ਵਿੱਚ ਵਾਧਾ ਕਰਦੇ ਹਨ। ਕਾਲਜ ਦੇ ਵਾਈਸ ਪ੍ਰਿੰਸੀਪਲ ਅਤੇ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਹਰਵੀਨ ਕੌਰ ਨੇ ਵਿਦਿਆਰਥੀਆਂ ਨੂੰ ਪੁਸਤਕਾਂ ਨੂੰ ਭਾਵਨਾਤਮਕਤਾ ਅਤੇ ਆਲੋਚਨਾਤਮਕਤਾ ਨਾਲ ਪੜ੍ਹਨ ਲਈ ਪ੍ਰੇਰਿਤ ਕੀਤਾ। ਪੁਸਤਕ ਸਮੀਖਿਆ ਮੁਕਾਬਲੇ ਵਿੱਚ ਜੱਜ ਸਾਹਿਬਾਨ ਦੀ ਭੂਮਿਕਾ ਡਾ. ਬ੍ਰਹਮਜੋਤ ਕੌਰ ਅਤੇ ਪ੍ਰੋ. ਮਨਮੀਤ ਕੌਰ ਵੱਲੋਂ ਬਾਖੂਬੀ ਨਿਭਾਈ ਗਈ। ਵਿਦਿਆਰਥੀਆਂ ਦੁਆਰਾ ਕੀਤੀਆਂ 27 ਪੁਸਤਕ ਸਮੀਖਿਆਵਾਂ ਵਿਚੋਂ ਕੁੱਲ 13 ਪੁਸਤਕਾਂ ਦੇ ਰੀਵਿਊ ਆਖ਼ਰੀ ਪੇਸ਼ਕਾਰੀ ਲਈ ਚੁਣੇ ਗਏ। ਇਸ ਦਿਲਚਸਪ ਮੁਕਾਬਲੇ ਵਿਚੋਂ ਬੀ.ਏ. ਆਨਰਜ਼ ਅੰਗਰੇਜ਼ੀ ਭਾਗ ਪਹਿਲਾ ਦੀ ਖੁਸ਼ਸੀਰਤ ਕੌਰ, ਬੀ.ਏ. ਭਾਗ ਪਹਿਲਾ ਦੀ ਅਰਸ਼ਦੀਪ ਕੌਰ ਅਤੇ ਐਮ.ਏ. ਅੰਗਰੇਜ਼ੀ ਭਾਗ ਦੂਸਰਾ ਦੀ ਖੁਸ਼ੀ ਛਾਬੜਾ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਸਮਾਗਮ ਦੇ ਅਖੀਰ ਵਿੱਚ ਇੰਗਲਿਸ਼ ਲਿਟਰੇਰੀ ਸੁਸਾਇਟੀ ਦੇ ਕਨਵੀਨਰ ਡਾ. ਮਨਿੰਦਰ ਕੈਂਥ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।