ਥਾਣੇ ਮੂਹਰੇ ਨਾਅਰੇ ਮਾਰ ਕੇ ਮਨਾਇਆ 23 ਮਾਰਚ ਦਾ "ਸ਼ਹੀਦੀ" ਦਿਨ, ਇੱਕ ਸਾਲ ਪੂਰਾ ਹੋਇਆ, ਅਣਮਿਥੇ ਸਮੇਂ ਦੇ ਧਰਨੇ ਨੂੰ 

ਜਗਰਾਉਂ 24 ਮਾਰਚ (ਰਛਪਾਲ ਸਿੰਘ ਸ਼ੇਰਪੁਰੀ) : ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ 'ਚ ਵੱਖ-ਵੱਖ ਕਿਸਾਨ-ਮਜ਼ਦੂਰ ਜੱਥੇਬੰਦਕ ਧਰਨਾਕਾਰੀਆਂ ਨੇ 366ਵੇਂ ਦਿਨ ਜਗਰਾਉਂ ਥਾਣੇ ਮੂਹਰੇ ਇਕੱਠੇ ਹੋ ਕੇ ਜਿਥੇ 23 ਮਾਰਚ ਦੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ, ਉਥੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੀ ਘਟੀਆ ਕਾਰਗੁਜ਼ਾਰੀ ਖਿਲਾਫ਼ ਨਾਹਰੇਬਾਜ਼ੀ ਕੀਤੀ। ਇਸ ਸਮੇਂ ਬੋਲਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਅਤੇ ਬਲਵਿੰਦਰ ਸਿੰਘ ਕੋਠੇ ਪੋਨਾ ਨੇ ਕਿਹਾ ਕਿ ਕਿਰਤੀ ਲੋਕ ਅੱਜ ਜੋ ਸੰਤਾਪ ਹੰਢਾ ਰਹੇ ਹਨ, ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੇ ਕਦੇ ਆਪਣੇ ਲੋਕਾਂ ਦੀ ਅਜੇਹੀ ਦਸ਼ਾ ਬਾਰੇ ਕਦੇ ਸੋਚਿਆ ਵੀ ਨਹੀਂ ਹੋਣਾ। ਉਨ੍ਹਾਂ ਕਿਹਾ ਕਿ 1947 'ਚ ਆਈ ਅਜ਼ਾਦੀ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਨਹੀਂ ਕਰ ਸਕੀ, ਉਨ੍ਹਾਂ  ਕਿਰਤੀ ਲੋਕਾਂ ਨੂੰ ਫਲਸਫੇ ਅਨੁਸਾਰ ਇੱਕ ਜੁੱਟ ਹੋਣ ਦਾ ਸੱਦਾ ਵੀ ਦਿੱਤਾ। ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਨੇ ਕਿਹਾ ਕਿ ਅੱਜ ਅਸੀਂ ਇੱਕ ਸਾਲ ਜੋ ਗਰੀਬ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਲਗਾਤਾਰ ਅਣਮਿਥੇ ਸਮੇਂ ਦਾ ਧਰਨਾ ਲਗਾ ਕੇ ਪੁਲਿਸ ਅੱਤਿਆਚਾਰ ਖਿਲਾਫ਼ ਸੰਘਰਸ਼ ਕਰ ਰਹੇ ਹਾਂ, ਉਹ 23 ਮਾਰਚ ਦੇ ਸ਼ਹੀਦਾਂ ਦੀ "ਸ਼ਹੀਦੀ"  ਨੇ ਹੀ ਸਿਖਾਇਆ ਏ ਭਾਵ "ਸ਼ਹੀਦੀ" ਹੀ ਸਾਡਾ ਮਾਰਗਦਰਸ਼ਨ ਹੈ। ਜਿਕਰਯੋਗ ਹੈ ਕਿ ਨੇੜਲੇ ਪਿੰਡ ਰਸੂਲਪੁਰ ਦੇ ਪੀੜ੍ਹਤ ਪਰਿਵਾਰ ਨੂੰ ਤੱਤਕਾਲੀ ਥਾਣਾਮੁਖੀ ਅਤੇ ਏਅੈਸਆਈ ਵਲੋਂ ਨਜਾਇਜ਼ ਹਿਰਾਸਤ 'ਚ ਰੱਖ ਕੇ ਕੁੱਟਮਾਰ ਕਰਨ ਅਤੇ ਕਰੰਟ ਲਗਾਉਣ ਨਾਲ ਪਰਿਵਾਰ ਦੀ ਨਕਾਰਾ ਹੋਈ "ਧੀ" ਕੁਲਵੰਤ ਕੌਰ ਰਸੂਲਪੁਰ ਨੂੰ ਮਰਨ ਲਈ ਮਜ਼ਬੂਰ ਕਰਨ ਦੇ ਮਾਮਲੇ ਸਬੰਧੀ ਦਰਜ ਮੁਕੱਦਮੇ 'ਚ ਸੁਣਵਾਈ ਨਾਂ ਹੋਣ ਤੋਂ ਨਿਰਾਸ਼ ਧਰਨਾਕਾਰੀ ਕਿਸਾਨ-ਮਜ਼ਦੂਰ ਜੱਥੇਬੰਦੀਆਂ ਵਲੋਂ ਸਥਾਨਕ ਸਿਟੀ ਥਾਣੇ ਮੂਹਰੇ 23 ਮਾਰਚ 2022 ਤੋਂ ਅਣਮਿਥੇ ਸਮੇਂ ਦਾ ਧਰਨਾ ਲਗਾਇਆ ਹੋਇਆ ਹੈ। ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਪੱਖਪਾਤੀ ਵਤੀਰੇ ਖਿਲਾਫ਼ ਉਨ੍ਹਾਂ ਦੀ ਸ਼ਿਕਾਇਤ 'ਤੇ ਹੁਣ ਮਾਮਲੇ ਦੀ ਸੁਣਵਾਈ ਕੌਮੀ ਅੈਸ.ਸੀ.ਕਮਿਸ਼ਨ ਦਿੱਲੀ ਵਲੋਂ ਕੀਤੀ ਜਾ ਰਹੀ ਹੇ। ਰਸੂਲਪੁਰ ਅਨੁਸਾਰ ਹੁਣ ਕਮਿਸ਼ਨ ਨੇ 28 ਮਾਰਚ ਨੂੰ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਤੋਂ ਰਿਪੋਰਟ ਮੰਗੀ ਹੈ ਅਤੇ ਸਬੰਧਤ ਅਧਿਕਾਰੀਆਂ ਦੀ 28 ਮਾਰਚ ਨੂੰ ਸੁਣਵਾਈ ਸਮੇਂ ਹਾਜ਼ਰੀ ਯਕੀਨੀ ਬਣਾਉਣ ਲਈ ਕਿਹਾ ਹੈ। ਇਸ ਸਮੇਂ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਅਤੇ ਮਜ਼ਦੂਰ ਅਾਗੂ ਸੁਖਦੇਵ ਸਿੰਘ ਮਾਣੂੰਕੇ ਨੇ ਪੰਜਾਬ ਸਰਕਾਰ ਖਿਲਾਫ਼ ਨਾਹਰੇਬਾਜ਼ੀ ਕਰਦਿਆਂ ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗੀ। ਅੱਜ ਦੇ ਧਰਨੇ 'ਚ ਸ਼ਾਮਿਲ ਜਿਲ੍ਹਾ ਸਕੱਤਰ ਸਾਧੂ ਸਿੰਘ ਅੱਚਰਵਾਲ, ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਬਲਵਿੰਦਰ ਸਿੰਘ ਪੋਨਾ ਨੇ ਕਿਹਾ ਕਿ ਕਿਰਤੀ ਲੋਕ 23 ਮਾਰਚ 2022 ਤੋਂ ਲਗਾਤਾਰ ਧਰਨੇ ਤੇ ਬੈਠੇ ਹਨ ਪਰ ਪੰਜਾਬ ਸਰਕਾਰ ਅਤੇ ਸਤਾਧਾਰੀ ਲੋਕ ਮੂਕ ਦਰਸ਼ਕ ਬਣੇ ਹੋਏ ਹਨ। ਇਸ ਸਮੇਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜ਼ਿ) ਦੇ ਬਲਾਕ ਪ੍ਰਧਾਨ ਡਾਕਟਰ ਗੁਰਮੇਲ ਸਿੰਘ ਕੁਲਾਰ ਅਤੇ ਜਿੰਦਰ ਮਾਣੂੰਕੇ ਨੇ ਪੰਜਾਬ ਸਰਕਾਰ ਦੇ ਨਾਲ-ਨਾਲ ਹਲਕਾ ਵਿਧਾਇਕ ਦੇ ਵਤੀਰੇ ਅਤੇ ਧਾਰੀ ਚੁੱਪ ਦੀ ਵੀ ਨਿਖੇਧੀ ਕੀਤੀ। ਇਸ ਸਮੇਂ ਜਸਪ੍ਰੀਤ ਸਿੰਘ ਢੋਲ਼ਣ ਪ੍ਰਧਾਨ ਸਤਿਕਾਰ ਕਮੇਟੀ, ਸਾਧੂ ਸਿੰਘ ਅੱਚਰਵਾਲ, ਵਿੱਤ ਸਕੱਤਰ ਰੂਪ ਸਿੰਘ ਝੋਰੜਾਂ, ਨਿਰਮਲ ਸਿੰਘ ਨਿੰਮਾਂ, ਗੁਰਚਰਨ ਸਿੰਘ ਰਸੂਲਪੁਰ, ਠੇਕੇਦਾਰ ਅਵਤਾਰ ਸਿੰਘ ਜਗਰਾਉਂ, ਗੁਰਚਰਨ ਸਿੰਘ ਬਾਬੇਕੇ, ਕੁਲਦੀਪ ਜਗਰਾਉਂ, ਬੀਕੇਯੂ ਡਕੌਂਦਾ ਦੇ ਬਾਬਾ ਬੰਤਾ ਸਿੰਘ ਡੱਲਾ, ਅਜੈਬ ਸਿੰਘ  ਰਸੂਲਪੁਰ ਕਰਮ ਸਿੰਘ ਰਸੂਲਪੁਰ, ਗੁਰਦੇਵ ਸਿੰਘ ਮਾਣੂੰਕੇ ਅਾਦਿ ਹਾਜ਼ਰ ਸਨ।