ਸਰਕਾਰ ਵੱਲੋਂ ਬੱਚਿਆਂ ਤੇ ਨੌਜਵਾਨਾ ਲਈ ਉਲੀਕੀਆਂ ਜਾ ਰਹੀਆਂ ਹਨ ਅਨੇਕਾਂ ਯੋਜਨਾਵਾਂ : ਭਗਵੰਤ ਮਾਨ

  • ਕਸਬਿ੍ਜ ਵਰਲਡ ਸਕੂਲ ਦੇ ਬੱਚਿਆਂ ਨੂੰ ਦਿਖਾਇਆ ਵਿਧਾਨ ਸਭਾ ਦਾ ਸ਼ੈਸ਼ਨ : ਸੰਧਵਾਂ

ਕੋਟਕਪੂਰਾ, 22 ਅਕਤੂਬਰ : ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬੱਚਿਆਂ ਅਤੇ ਨੌਜਵਾਨਾ ਦੇ ਸੁੰਦਰ ਭਵਿੱਖ ਲਈ ਅਨੇਕਾਂ ਯੋਜਨਾਵਾਂ ਉਲੀਕੀਆਂ ਗਈਆਂ ਹਨ ਤਾਂ ਜੋ ਬੱਚੇ ਅਤੇ ਨੌਜਵਾਨ ਸਮਾਜਿਕ ਕੁਰੀਤੀਆਂ ਨੂੰ ਨਜਰਅੰਦਾਜ ਕਰਕੇ ਪੜਾਈ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ਵਿੱਚ ਵੀ ਮੱਲਾਂ ਮਾਰਨ ਦੇ ਸਮਰੱਥ ਹੋ ਸਕਣ। ਵਿਧਾਨ ਸਭਾ ਸ਼ੈਸ਼ਨ ਦੇਖਣ ਲਈ ਪਿ੍ੰਸੀਪਲ ਮੈਡਮ ਸਮੀਨਾ ਖੁਰਾਣਾ ਅਤੇ ਵਾਈਸ ਪਿ੍ੰਸੀਪਲ ਮੈਡਮ ਸਪਨਾ ਬਜਾਜ ਦੀ ਅਗਵਾਈ ਹੇਠ ਆਏ ਆਕਸਬਿ੍ਜ ਵਰਲਡ ਸਕੂਲ ਕੋਟਕਪੂਰਾ ਦੇ ਵਿਦਿਆਰਥੀਆਂ ਵੱਲੋਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਪੁੱਛੇ ਸਵਾਲ ਦੇ ਜਵਾਬ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਆ ਕਿ ਪਿਛਲੇ 70 ਸਾਲਾਂ ਵਿੱਚ ਇਕ ਵੀ ਅਜਿਹੀ ਮਿਸਾਲ ਨਹੀਂ ਮਿਲਦੀ ਕਿ ਜੱਜ ਵਰਗੀਆਂ ਉੱਚ ਅਹੁਦੇ ਵਾਲੀਆਂ ਅਸਾਮੀਆਂ ’ਤੇ ਗਰੀਬ ਘਰਾਂ ਦੇ ਲੜਕੇ-ਲੜਕੀਆਂ ਬਿਨਾ ਰਿਸ਼ਵਤ ਅਤੇ ਬਿਨਾ ਸਿਫਾਰਸ਼ ਦੇ ਨਿਯੁਕਤ ਹੋਏ ਹੋਣ। ਉਹਨਾਂ ਦਾਅਵਾ ਕੀਤਾ ਕਿ ਗਰੀਬ ਤੋਂ ਗਰੀਬ ਘਰਾਂ ਦੇ ਬੱਚੇ ਵੀ ਹੁਣ ਸਿਵਲ ਸਰਵਿਸਜ ਦੀ ਪ੍ਰੀਖਿਆ ਪਾਸ ਕਰਕੇ ਗਜਟਿਡ ਅਫਸਰ ਬਣਨ ਦਾ ਮਾਣ ਪ੍ਰਾਪਤ ਕਰ ਰਹੇ ਹਨ। ਉਹਨਾ ਬੱਚਿਆਂ ਅਤੇ ਨੌਜਵਾਨਾ ਦੇ ਚੰਗੇਰੇ ਭਵਿੱਖ ਲਈ ‘ਖੇਡਾਂ ਵਤਨ ਪੰਜਾਬ ਦੀਆਂ’ ਵਰਗੀਆਂ ਹੋਰ ਅਨੇਕਾਂ ਉਦਾਹਰਨਾ ਦਿੰਦਿਆਂ ਦੱਸਿਆ ਕਿ ਹੁਣ ਸਰਕਾਰ ਦੀ ਪਹਿਲੀ ਕੌਸ਼ਿਸ਼ ਇਹੀ ਹੈ ਕਿ ਸਾਡੇ ਨੌਜਵਾਨ ਵਿਦੇਸ਼ ਜਾਣ ਦੀ ਲਾਲਸਾ ਬਿਲਕੁਲ ਹੀ ਤਿਆਗ ਦੇਣ ਅਤੇ ਆਪਣੇ ਦੇਸ਼ ਅੰਦਰ ਰਹਿ ਕੇ ਹੀ ਜਾਂ ਤਾਂ ਨੌਕਰੀਆਂ ਅਤੇ ਜਾਂ ਆਪਣਾ ਧੰਦਾ ਸ਼ੁਰੂ ਕਰਨ। ਇਕ ਸਵਾਲ ਦੇ ਜਵਾਬ ਵਿੱਚ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਆਖਿਆ ਕਿ ਭਾਵੇਂ ਸਕੂਲਾਂ ਅਤੇ ਕਾਲਜਾਂ ’ਚ ਪੜਦੇ ਬੱਚਿਆਂ ਅਤੇ ਨੌਜਵਾਨਾ ਨੂੰ ਵਿਧਾਨ ਸਭਾ ਦੇ ਚੱਲਦੇ ਸ਼ੈਸ਼ਨ ਦਿਖਾਉਣ ਦਾ ਇਕ ਫਾਇਦਾ ਇਹ ਵੀ ਹੋਵੇਗਾ ਕਿ ਵਿਦਿਆਰਥੀ- ਵਿਦਿਆਰਥਣਾ ਵੱਖ ਵੱਖ ਪਾਰਟੀਆਂ ਦੇ ਚੁਣੇ ਜਾਂਦੇ ਨੁਮਾਇੰਦਿਆਂ ਦੀ ਕਾਰਗੁਜਾਰੀ ਦੇਖ ਕੇ ਆਪੋ ਆਪਣੇ ਅਨੁਭਵ ਮੁਤਾਬਿਕ ਜਾਂ ਤਾਂ ਚੰਗਾ ਮਹਿਸੂਸ ਕਰਨਗੇ ਤੇ ਜਾਂ ਉਹਨਾ ਨੂੰ ਇਸ ਤਰਾਂ ਦੀ ਵਿਧਾਨ ਸਭਾ ਦੀ ਚੱਲਦੀ ਕਾਰਵਾਈ ਦੇਖਣ ਉਪਰੰਤ ਕੁਝ ਲਿਖਣ ਦੀ ਚੇਟਕ ਲੱਗੇਗੀ। ਅੰਤ ਵਿੱਚ ਆਕਸਬਿ੍ਜ ਵਰਲਡ ਸਕੁਲ ਦੇ ਅਧਿਆਪਕਾਂ ਅਤੇ ਬੱਚਿਆਂ ਨੇ ਮੁੱਖ ਮੰਤਰੀ ਪੰਜਾਬ ਅਤੇ ਸਪੀਕਰ ਪੰਜਾਬ ਵਿਧਾਨ ਸਭਾ ਦਾ ਧੰਨਵਾਦ ਕੀਤਾ।