ਲੁਧਿਆਣਾ 15 ਜੂਨ : ਲੁਧਿਆਣਾ ਪੁਲਿਸ ਨੇ ਸੀਐਮਐਸ ਕੰਪਨੀ ਵਿੱਚ ਹੋਈ ਲੁੱਟ ਦੇ ਮਾਮਲੇ ਵਿੱਚ 75 ਲੱਖ ਰੁਪਏ ਦੀ ਇੱਕ ਹੋਰ ਰਕਮ ਬਰਾਮਦ ਕੀਤੀ ਹੈ। ਇਸਦੇ ਨਾਲ ਹੀ ਮਾਮਲੇ ਦੀ ਫਰਾਰ ਔਰਤ ਦੀ ਭਾਲ ਲਈ ਪੁਲਿਸ ਵੱਲੋਂ ਚਾਰ ਟੀਮਾਂ ਦਾ ਗਠਨ ਕੀਤਾ ਗਿਆ ਹੈ। ਘਟਨਾ ਸਬੰਧੀ ਡੀਜੀਪੀ ਪੰਜਾਬ ਵੱਲੋਂ ਸੂਬੇ ਦੀਆਂ ਹੋਰ ਕੰਪਨੀਆਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਜਗਰਾਉਂ ਦੇ ਨਰਿੰਦਰ ਸਿੰਘ ਉਰਫ਼ ਹੈਪੀ ਦੇ ਘਰੋਂ 25 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਜਦਕਿ ਬਾਕੀ 50 ਲੱਖ ਰੁਪਏ ਮਨਜਿੰਦਰ ਸਿੰਘ ਉਰਫ ਮਨੀ ਕੋਲੋਂ ਪੁੱਛਗਿੱਛ ਦੌਰਾਨ ਮਿਲੀ ਸੂਚਨਾ ਦੇ ਆਧਾਰ 'ਤੇ ਉਸਦੇ ਘਰ ਦੇ ਸੈਪਟਿਕ ਟੈਂਕ 'ਚੋਂ ਬਰਾਮਦ ਕੀਤੇ ਗਏ। ਜਿਸ 'ਚੋਂ ਕਈ ਨੋਟ ਗਿਲੇ ਮਿਲੇ ਅਤੇ ਬਾਅਦ 'ਚ ਪੁਲਸ ਨੇ ਉਨ੍ਹਾਂ ਨੂੰ ਸੁਕਾ ਦਿੱਤਾ, ਜਿਸ ਦੀ ਵੀਡੀਓ ਵੀ ਪੁਲਸ ਨੇ ਸ਼ੇਅਰ ਕੀਤੀ। ਫਰਾਰ ਔਰਤ ਦੀ ਭਾਲ ਲਈ ਪੁਲਿਸ ਵੱਲੋਂ ਚਾਰ ਟੀਮਾਂ ਦਾ ਗਠਨ ਕੀਤਾ ਗਿਆ ਹੈ। ਐਲਓਸੀ ਵੀ ਜਾਰੀ ਕੀਤੀ ਗਈ ਹੈ ਤਾਂ ਜੋ ਉਹ ਵਿਦੇਸ਼ ਭੱਜ ਨਾ ਸਕੇ। ਡੀਜੀਪੀ ਪੰਜਾਬ ਨੇ ਬੀਤੇ ਦਿਨੀਂ ਲੁਧਿਆਣਾ ਦੇ ਪੁਲਿਸ ਅਧਿਕਾਰੀਆਂ ਤੋਂ ਜਾਣਕਾਰੀ ਲਈ ਹੈ ਅਤੇ ਉਸ ਤੋਂ ਬਾਅਦ ਹੋਰਨਾਂ ਜ਼ਿਲ੍ਹਿਆਂ ਦੇ ਐਸਐਸਪੀਜ਼ ਨੂੰ ਵੀ ਸਬੰਧਤ ਕੰਪਨੀਆਂ ਨੂੰ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ ਹਨ।