ਸ. ਮਾਨ ਨੇ ਪੁੱਛਿਆ ਸਵਾਲ-ਸਾਬਕਾ ਸੀ.ਜੇ.ਆਈ. ਰੰਜਨ ਗੋਗੋਈ ਤੇ ਖੇਡ ਮੰਤਰੀ ਸੰਦੀਪ ਸਿੰਘ 'ਤੇ ਇੱਕੋ ਤਰ੍ਹਾਂ ਦੇ ਦੋਸ਼ ਹੋਣ ਦੇ ਬਾਵਜੂਦ ਕਾਨੂੰਨੀ ਕਾਰਵਾਈ ਦੇ ਢੰਗ ਵਿੱਚ ਫਰਕ ਕਿਉਂ?
ਸੰਗਰੂਰ, 2 ਜਨਵਰੀ : ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਸਥਾਨਕ ਰੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਰਤ ਦੇਸ਼ ਵਿੱਚ ਸਾਰੇ ਧਰਮਾਂ ਦੇ ਲੋਕ ਮਿਲ ਕੇ ਰਹਿੰਦੇ ਹਨ | ਜਦੋਂ ਇਹ ਸਾਰੇ ਧਰਮਾਂ ਦੇ ਲੋਕਾਂ ਦਾ ਦੇਸ਼ ਹੈ ਤਾਂ ਫਿਰ ਇੱਥੇ ਅਲੱਗ-ਅਲੱਗ ਧਰਮਾ ਤੇ ਵਰਗਾਂ ਦੇ ਲੋਕਾਂ ਲਈ ਕਾਨੂੰਨ ਅਲੱਗ ਅਲੱਗ ਕਿਉਂ ਹਨ| ਉਨ੍ਹਾਂ ਕਿਹਾ ਕਿ ਦੇਸ਼ ਦੀ ਕੇਂਦਰ ਸਰਕਾਰ ਧਰਮ ਤੇ ਵਰਗਾਂ ਦੇ ਨਾਂਅ 'ਤੇ ਆਪਸ ਵਿੱਚ ਵੰਡੀਆਂ ਪੁਆ ਕੇ ਰਾਜ ਕਰਨਾ ਚਾਹੁੰਦੀ ਹੈ| ਇਸੇ ਕਰਕੇ ਵੱਖ-ਵੱਖ ਵਰਗਾਂ ਲਈ ਕਾਨੂੰਨ ਕਾਰਵਾਈ ਦੇ ਵੱਖ-ਵੱਖ ਢੰਗ ਹਨ | ਉਨ੍ਹਾਂ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਅਤੇ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਦੇ ਮਾਮਲੇ ਦੀ ਉਦਹਾਰਨ ਦਿੰਦਿਆਂ ਕਿਹਾ ਕਿ ਦੋਵਾਂ 'ਤੇ ਇੱਕੋ ਜਿਹੇ ਦੋਸ਼ ਲੱਗੇ ਹਨ| ਫਿਰ ਉਨ੍ਹਾਂ ਦੋਵਾਂ ਦੇ ਮਾਮਲਿਆਂ ਵਿੱਚ ਕਾਨੂੰਨੀ ਕਾਰਵਾਈ ਦੇ ਅਲੱਗ-ਅਲੱਗ ਤਰੀਕੇ ਕਿਉਂ| ਇੱਕ ਔਰਤ ਦੀ ਸ਼ਿਕਾਇਤ 'ਤੇ ਖੇਡ ਮੰਤਰੀ ਸੰਦੀਪ ਸਿੰਘ ਵਿਰੁੱਧ ਤੁਰੰਤ ਥਾਣੇ ਅੰਦਰ ਕੇਸ ਦਰਜ ਕਰ ਲਿਆ ਜਾਂਦਾ ਹੈ, ਜਦੋਂਕਿ ਸਾਬਕਾ ਚੀਫ ਜਸਟਿਸ 'ਤੇ ਦੋਸ਼ ਲੱਗਣ ਮਗਰੋਂ ਉਨ੍ਹਾਂ 'ਤੇ ਕੇਸ ਦਰਜ ਨਹੀਂ ਕੀਤਾ ਗਿਆ, ਸਗੋਂ ਸੁਪਰੀਮ ਕੋਰਟ ਦੇ ਜੱਜਾਂ ਦੀ ਇੱਕ ਕਮੇਟੀ ਬਣਾ ਦਿੱਤੀ ਗਈ ਕਿ ਉਪਰੋਕਤ ਔਰਤ ਵੱਲੋਂ ਲਗਾਏ ਗਏ ਦੋਸ਼ ਝੂਠ ਹਨ ਜਾਂ ਸੱਚ | ਫਿਰ ਉਪਰੋਕਤ ਪੀੜਤ ਔਰਤ ਨੇ ਜਦੋਂ ਆਪਣਾ ਸੰਵਿਧਾਨਿਕ ਹੱਕ ਮੰਗਦੇ ਹੋਏ ਜੱਜਾਂ ਦੀ ਕਮੇਟੀ ਅੱਗੇ ਆਪਣੇ ਮਨਪਸੰਦ ਵਕੀਲ ਨੂੰ ਪੇਸ਼ ਕਰਨ ਦੀ ਗੱਲ ਰੱਖੀ ਤਾਂ ਉਹ ਵੀ ਉਪਰੋਕਤ ਜੱਜਾਂ ਦੀ ਕਮੇਟੀ ਮੰਗ ਠੁਕਰਾ ਦਿੱਤੀ ਸੀ | ਫਿਰ ਉਸੇ ਚੀਫ ਜਸਟਿਸ ਨੂੰ ਭਾਜਪਾ ਵੱਲੋਂ ਰਾਜ ਸਭਾ ਮੈਂਬਰ ਵੀ ਬਣਾ ਦਿੱਤਾ ਜਾਂਦਾ ਹੈ | ਇਸ ਤਰ੍ਹਾਂ ਇੱਕੋ ਜਿਹੇ ਦੋਸ਼ ਲੱਗ 'ਤੇ ਕਾਨੂੰਨੀ ਕਾਰਵਾਈ ਦੇ ਢੰਗਾਂ ਵਿੱਚ ਫਰਕ ਹੋਣਾ ਕੇਂਦਰ ਸਰਕਾਰ ਦੀ ਪੱਖਪਾਤ ਵਾਲੀ ਨੀਅਤ ਸਾਫ ਕਰਦਾ ਹੈ| ਸ. ਮਾਨ ਨੇ ਕਿਹਾ ਕਿ ਭਾਰਤ ਹਿੰਦੂ ਬਹੁਮਤ ਦੇਸ਼ ਹੋਣ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਧਰਮਾਂ ਦੇ ਆਧਾਰ 'ਤੇ ਪੱਖਪਾਤ ਕਰ ਰਹੀ ਹੈ| ਰਾਜੀਵ ਗਾਂਧੀ ਦੇ ਬੰਦੇ ਜੋ ਬਲਾਤਕਾਰ ਦੇ ਦੋਸ਼ਾਂ ਅਧੀਨ ਜੇਲਾਂ ਵਿੱਚ ਬੰਦ ਸਨ, ਉਨ੍ਹਾਂ ਨੂੰ ਆਜਾਦੀ ਦਿਹਾੜੇ ਮੌਕੇ ਆਜਾਦ ਕਰ ਦਿੱਤਾ ਜਾਂਦਾ ਹੈ, ਜਦੋਂਕਿ ਸਿੱਖ ਬੰਦੀਆਂ ਨੂੰ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਜੇਲ੍ਹਾਂ 'ਚੋ ਰਿਹਾਅ ਨਹੀਂ ਕੀਤਾ ਜਾ ਰਿਹਾ| ਇਸੇ ਤਰ੍ਹਾਂ ਧਰਮ ਦੇ ਹੋਰ ਵੀ ਬਹੁਤ ਮਸਲੇ ਹਨ, ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਪਿਛਲੇ ਲੰਬੇ ਸਮੇਂ ਤੋਂ ਨਾ ਕਰਵਾਉਣਾ, ਪੰਜਾਬ ਵਿੱਚ ਹੋਈਆਂ ਬੇਅਦਬੀਆਂ ਦੇ ਦੋਸ਼ੀਆਂ ਦੀ ਅਜੇ ਤੱਕ ਗਿ੍ਫਤਾਰੀ ਨਾ ਹੋਣਾ ਆਦਿ| ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀ ਸਰਕਾਰ ਵੱਲੋਂ ਧਰਮਾ ਦੇ ਨਾਂਅ 'ਤੇ ਰਾਜਨੀਤੀ ਕਰਨਾ ਮੰਦਭਾਗਾ ਹੈ| ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸ. ਮਾਨ ਨੇ ਕਿਹਾ ਕਿ ਪੰਜਾਬ ਵਿੱਚ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ| ਹਾਲੇ ਇਸ ਨੂੰ ਫੇਲ ਕਹਿਣਾ ਠੀਕ ਨਹੀਂ ਹੋਵੇਗਾ | ਲੋਕ ਸਭ ਦੇਖ ਰਹੇ ਹਨ, ਜੇਕਰ ਇਹ ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ ਉੱਤਰੇਗੀ ਤਾਂ ਲੋਕਾਂ ਦੀ ਜੋ ਆਵਾਜ ਹੋਵੇਗੀ, ਉਹੀ ਮੇਰੀ ਵੀ ਆਵਾਜ ਹੋਵੇਗੀ| ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਸੰਗਰੂਰ ਦੇ ਇੰਚਾਰਜ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ, ਹਲਕਾ ਲਹਿਰਾ ਦੇ ਇੰਚਾਰਜ ਬਹਾਦਰ ਸਿੰਘ ਭਸੌੜ, ਭੁਪਿੰਦਰ ਸਿੰਘ ਗਰੇਵਾਲ, ਵਰਕਿੰਗ ਕਮੇਟੀ ਮੈਂਬਰ ਸ਼ਾਹਬਾਜ ਸਿੰਘ ਡਸਕਾ, ਅਵਤਾਰ ਸਿੰਘ ਚੱਕ ਡੁਬਈ, ਤਲਵਿੰਦਰ ਸਿੰਘ ਮਾਨ, ਦਫਤਰ ਇੰਚਾਰਜ ਕੁਲਵੰਤ ਸਿੰਘ ਲੱਡੀ, ਹਰਿੰਦਰਪਾਲ ਸਿੰਘ ਖਾਲਸਾ, ਸ਼ਹਿਰੀ ਪ੍ਰਧਾਨ ਸੁਖਵਿੰਦਰ ਸਿੰਘ, ਨਿਰਭੌਪ੍ਰੀਤ ਸਿੰਘ ਸਮੇਤ ਹੋਰ ਪਾਰਟੀ ਮੈਂਬਰ ਅਤੇ ਆਗੂ ਵੀ ਹਾਜਰ ਸਨ |