ਫ਼ਤਹਿਗੜ੍ਹ ਸਾਹਿਬ, 21 ਸਤੰਬਰ : ਭਾਸ਼ਾ ਵਿਭਾਗ, ਪੰਜਾਬ ਦੇ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ (ਡਾਇਟ) ਵਿਖੇ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਵੱਖ-ਵੱਖ ਕਵੀਆਂ ਨੇ ਭਾਗ ਲਿਆ। ਕਵੀ ਦਰਬਾਰ ਦੀ ਪ੍ਰਧਾਨਗੀ ਉੱਘੀ ਲੇਖਿਕਾ ਸ਼੍ਰੀਮਤੀ ਪਰਮਜੀਤ ਕੌਰ ਸਰਹਿੰਦ ਨੇ ਕੀਤੀ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਪ੍ਰਾਪਤ ਕਵੀ ਦਰਸ਼ਨ ਬੁੱਟਰ ਨੇ ਸ਼ਿਰਕਤ ਕੀਤੀ। ਕਵੀਆਂ ਵੱਲੋਂ ਵੱਖ-ਵੱਖ ਸਮਾਜਕ ਤੇ ਮਾਨਵੀ ਸਰੋਕਾਰਾਂ ਨਾਲ ਸਬੰਧਤ ਕਵਿਤਾਵਾਂ ਨੂੰ ਮੰਚ ਉੱਪਰ ਪੇਸ਼ ਕੀਤਾ ਗਿਆ। ਇਸ ਕਵੀ ਦਰਬਾਰ ਵਿੱਚ ਮੰਚ ਸੰਚਾਲਕ ਵਜੋਂ ਭੂਮਿਕਾ ਕਵੀ ਬਲਤੇਜ ਬਠਿੰਡਾ ਨੇ ਨਿਭਾਈ। ਸ਼੍ਰੀਮਤੀ ਪਰਮਜੀਤ ਕੌਰ ਸਰਹਿੰਦ ਵੱਲੋਂ ਪ੍ਰਧਾਨਗੀ ਭਾਸ਼ਣ ਦਿੰਦਿਆਂ ਸਮਾਜ ਵਿਚ ਕਵਿਤਾ ਦੇ ਮਹੱਤਵ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਕਵਿਤਾ ਨੂੰ ਸਮਾਜ ਨਾਲ ਜੋੜ ਕੇ ਰਚਨਾ ਕਰਨ ਦੀ ਗੱਲ ਕਹੀ। ਦਰਸ਼ਨ ਬੁੱਟਰ ਨੇ ਕਿਹਾ ਕਿ ਕਵਿਤਾ ਜਾਂ ਤਾਂ ਰੁਦਨ ਨਾਲ ਜੁੜੀ ਹੁੰਦੀ ਹੈ ਜਾਂ ਲਲਕਾਰ ਨਾਲ । ਉਨ੍ਹਾਂ ਨੇ ਸ਼ਿਵ ਕੁਮਾਰ ਤੇ ਪਾਸ਼ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ। ਜੇਕਰ ਕਵਿਤਾ ਨੇ ਸਮਾਜ ਵਿਚ ਸਵੀਕ੍ਰਿਤੀ ਪ੍ਰਾਪਤ ਕਰਨੀ ਹੈ ਤਾਂ ਕਵਿਤਾ ਵਿੱਚ ਸੰਵੇਦਨਸ਼ੀਲਤਾ ਤੇ ਉਸਦਾ ਮਾਨਵੀ ਤੇ ਸਮਾਜਕ ਸਰੋਕਾਰਾਂ ਨਾਲ ਜੁੜਿਆ ਹੋਣਾ ਜ਼ਰੂਰੀ ਹੈ। ਕਵੀ ਦਰਬਾਰ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫਸਰ ਜਗਜੀਤ ਸਿੰਘ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ ਅਤੇ ਵਿਭਾਗ ਦੇ ਵੱਖ-ਵੱਖ ਪ੍ਰੋਗਰਾਮਾਂ ਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਕਵੀ ਦਰਬਾਰ ਵਿੱਚ ਕਵਿਤਾਵਾਂ ਪੇਸ਼ ਕਰਨ ਵਾਲੇ ਕਵੀ ਰਣਜੀਤ ਸਿੰਘ ਰਾਗੀ, ਸੰਦੀਪ ਲਾਡਪੁਰਾ, ਸੰਤ ਸਿੰਘ ਸੋਹਲ, ਪ੍ਰੇਮ ਲਤਾ, ਮਨਿੰਦਰ ਕੌਰ ਬੱਸੀ, ਗੁਰਪ੍ਰੀਤ ਬੀੜ ਕਿਸ਼ਨ, ਪ੍ਰਿੰਸੀਪਲ ਰਵਿੰਦਰ ਕੌਰ, ਗੁਰਜੀਤ ਸਿੰਘ ਬਾਠ, ਸੁਰਿੰਦਰ ਕੌਰ ਬਾੜਾ, ਸੁਰਿੰਦਰਜੀਤ ਚੌਹਾਨ, ਪ੍ਰੋ. ਅੱਛਰੂ ਸਿੰਘ, ਅਮਰਬੀਰ ਚੀਮਾ, ਸਾਧੂ ਸਿੰਘ ਪਨਾਗ, ਮਿਹਰ ਸਿੰਘ ਰਾਈਏਵਾਲ, ਉਪਕਾਰ ਦਿਆਲਪੁਰੀ ਤੇ ਜਸ਼ਨਪ੍ਰੀਤ ਕੌਰ ਨੇ ਭਾਗ ਲਿਆ। ਇਸ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਦੇ ਈਟੀਟੀ ਵਿਦਿਆਰਥੀਆਂ ਨੇ ਵੀ ਭਾਗ ਲਿਆ।