- ਕਾਰਗਿਲ ਜੰਗ 'ਚ ਬਹਾਦਰ ਸੈਨਿਕਾਂ ਨੇ ਆਪਣੀ ਸ਼ਹਾਦਤ ਦੇ ਕੇ ਦੇਸ਼ ਮਾਣ ਵਧਾਇਆ : ਲੈਫਟੀਨੈਂਟ ਸੁਰਿੰਦਰ ਸਿੰਘ
- ਕਾਰਗਿਲ ਜੰਗ ਚ ਸੈਂਕੜੇ ਬਹਾਦਰ ਭਾਰਤੀ ਸੈਨਿਕਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਿਆ- ਏ.ਡੀ.ਸੀ
- ਕਾਰਗਿਲ ਜੰਗ ਦੌਰਾਨ ਸੇਵਾ ਨਿਭਾਉਣ ਵਾਲੇ ਕਰੀਬ 15 ਸਾਬਕਾ ਸੈਨਿਕਾਂ ਦਾ ਕੀਤਾ ਸਨਮਾਨ
ਅਹਿਮਦਗੜ੍ਹ, 27 ਜੁਲਾਈ : ਆਪ੍ਰੇਸ਼ਨ ਵਿਜੇ ਦੀ ਸਫਲਤਾ ਦਾ ਪ੍ਰਤੀਕ ਕਾਰਗਿਲ ਵਿਜੇ ਦਿਵਸ ਜ਼ਿਲ੍ਹਾ ਮਾਲੇਰਕੋਟਲਾ ਦੀ ਸਬ ਡਵੀਜ਼ਨ ਅਹਿਮਦਗੜ੍ਹ ਦੇ ਗਾਂਧੀ ਸਕੂਲ ਵਿਖੇ ਰੋਟਰੀ ਕਲੱਬ ਦੇ ਸਹਿਯੋਗ ਨਾਲ ਮਨਾਇਆ ਗਿਆ । ਅੱਜ ਤੋਂ 23 ਸਾਲ ਪਹਿਲਾਂ 26 ਜੁਲਾਈ ਨੂੰ ਭਾਰਤ ਦੇ ਬਹਾਦਰ ਸੈਨਿਕਾਂ ਨੇ ਕਾਰਗਿਲ ਸ਼ਹੀਦਾਂ ਦੀ ਬਦੌਲਤ ਪਾਕਿਸਤਾਨੀ ਘੁਸਪੈਠੀਆਂ, ਅਤਿਵਾਦੀਆਂ ਅਤੇ ਸੈਨਿਕਾਂ ਨੂੰ ਭਾਰਤ ਦੀ ਸੀਮਾ ਵਿੱਚੋਂ ਬਾਹਰ ਕੱਢ ਦਿੱਤਾ ਸੀ। ਕਾਰਗਿਲ ਵਿਜੇ ਦਿਵਸ ਮੌਕੇ ਕਾਰਗਿਲ ਜੰਗ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਬਹਾਦਰ ਜਵਾਨਾਂ ਨੂੰ ਦਿਲੋਂ ਸ਼ਰਧਾਂਜਲੀ ਭੇਟ ਕਰਦਿਆ ਵਧੀਕ ਡਿਪਟੀ ਕਮਿਸ਼ਨਰ ਸੇਵਾ ਮੁਕਤ ਫਲਾਇਟ ਲੈਫਟੀਨੈਂਟ ਸੁਰਿੰਦਰ ਸਿੰਘ ਨੇ ਕਿਹਾ ਕਿ ਕਾਰਗਿਲ ਜੰਗ ਭਾਰਤੀ ਫ਼ੌਜ ਦੀਆਂ ਸ਼ਹਾਦਤਾਂ ਦਾ ਅਨੋਖੀ ਇਬਾਰਤ ਅਤੇ ਬਹਾਦਰੀ ਭਰੀਆਂ ਦਾਸਤਾਨਾਂ ਨੂੰ ਬਿਆਨ ਕਰਦੀ ਹੈ । ਇਸ ਜੰਗ ਵਿੱਚ ਜਿੱਥੇ ਸੈਂਕੜੇ ਬਹਾਦਰ ਭਾਰਤੀ ਸੈਨਿਕਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਿਆ, ਉੱਥੇ ਬਹਾਦਰੀ ਦੀ ਅਨੋਖੀ ਮਿਸਾਲ ਕਾਇਮ ਕੀਤੀ ਸੀ।ਉਨ੍ਹਾਂ ਹੋਰ ਕਿਹਾ ਕਿ ਭਾਵੇਂ ਸਿੱਧੇ ਤੌਰ ‘ਤੇ ਕਾਰਗਿਲ ਵਿਖੇ ਤਾਇਨਾਤ ਸੈਨਿਕਾਂ ਦਾ ਆਪ੍ਰੇਸ਼ਨ ਵਿਜੇ ਦੀ ਸਫਲਤਾ ਵਿੱਚ ਬਹੁਤ ਵੱਡਾ ਯੋਗਦਾਨ ਸੀ ਪਰ ਸਮਾਜ ਦੇ ਹਰ ਵਰਗ ਨੇ ਉਨ੍ਹਾਂ ਜੰਗਾਂ ਦੀ ਤਰਾਂ ਸੀਮਾ ‘ਤੇ ਤਾਇਨਾਤ ਸੈਨਿਕਾਂ ਦਾ ਮਨੋਬਲ ਵਧਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਸੈਨਿਕਾਂ ਅਤੇ ਉਨ੍ਹਾਂ ਪਰਿਵਾਰਾਂ ਦੇ ਬਲੀਦਾਨ ਨੂੰ ਦੇਖਦੇ ਹੋਏ ਹਰ ਸੈਨਿਕ ਦਾ ਸਤਿਕਾਰ ਕਰੀਏ। ਰੋਟਰੀ ਕਲੱਬ ਵੱਲੋਂ ਸਾਬਕਾ ਸੈਨਿਕਾਂ ਦੇ ਤਿਆਗ ਦਾ ਸਤਿਕਾਰ ਕਰਨ ਦੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣੇ ਅਧੀਨ ਪੈਂਦੇ ਸਾਰੇ ਦਫ਼ਤਰਾਂ ਵਿਖੇ ਹਦਾਇਤ ਕੀਤੀ ਹੋਈ ਹੈ ਕਿ ਜਦੋਂ ਵੀ ਕਿਸੇ ਸ਼ਹੀਦ, ਸਾਬਕਾ ਸੈਨਿਕ ਜਾਂ ਵਰਤਮਾਨ ਵਿੱਚ ਘਰ ਤੋਂ ਦੂਰ ਰਹਿ ਕੇ ਦੇਸ਼ ਦੀ ਰਾਖੀ ਕਰਦੇ ਜਵਾਨ ਦੇ ਪਰਿਵਾਰ ਦਾ ਮੈਂਬਰ ਕੋਈ ਕੰਮ ਕਰਵਾਉਣ ਆਉਂਦਾ ਹੈ ਤਾਂ ਉਸ ਨੂੰ ਬਣਦਾ ਸਤਿਕਾਰ ਦਿੱਤਾ ਜਾਵੇ ਅਤੇ ਪਹਿਲ ਦੇ ਅਧਾਰ ‘ਤੇ ਸੁਣਵਾਈ ਕੀਤੀ ਜਾਵੇ। ਜੰਗ ਦੌਰਾਨ ਸ਼ਹੀਦ ਹੋਏ ਸਮੂਹ ਭਾਰਤੀ ਸੈਨਿਕਾਂ ਨੂੰ ਦੋ ਮਿੰਟ ਦਾ ਮੌਣ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ ਅਤੇ ਬਾਅਦ ਵਿੱਚ ਮਾਲੇਰਕੋਟਲਾ ਅਤੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਕਰੀਬ ਦੋ ਦਰਜਨ ਸਾਬਕਾ ਸੈਨਿਕਾਂ ਦਾ ਕਾਰਗਿਲ ਜੰਗ ਦੌਰਾਨ ਪਾਏ ਗਏ ਯੋਗਦਾਨ ਲਈ ਸਨਮਾਨ ਕੀਤਾ ਗਿਆ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਸ੍ਰੀ ਅਨਿਲ ਜੈਨ, ਸਕੱਤਰ ਸੁਰਿੰਦਰ ਪਾਲ ਸੋਫਤ, ਸਕੱਤਰ ਬਿਪਨ ਸੇਠੀ ਅਤੇ ਪ੍ਰੋਜੈਕਟ ਚੇਅਰਮੈਨ ਹਰਮੇਲ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ ।