ਮਾਨਸਾ, 25 ਮਾਰਚ : ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਵਿਖੇ ਬੀਤੇ ਦਿਨੀਂ 6 ਸਾਲਾ ਬੱਚੇ ਊਦੇਵੀਰ ਸਿੰਘ ਦਾ ਗੋਲੀ ਮਾਰ ਕੇ ਕੀਤੇ ਗਏ ਕਤਲ ਮਾਮਲੇ ਵਿੱਚ ਇਨਸਾਫ ਦੀ ਮੰਗ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਜਾਮ ਲਗਾਇਆ ਗਿਆ। ਮ੍ਰਿਤਕ ਬੱਚੇ ਦੇ ਮਾਪਿਆਂ, ਰਿਸ਼ਤੇਦਾਰਾਂ ਅਤੇ ਲੋਕਾਂ ਵੱਲੋਂ ਅੱਜ ਬਠਿੰਡਾ-ਚੰਡੀਗੜ੍ਹ ਰੋਡ ਉਤੇ ਪਿੰਡ ਭਾਈਦੇਸਾ ਵਿਖੇ ਜਾਮ ਲਗਾਇਆ ਗਿਆ। ਇਨਸਾਫ ਦੀ ਮੰਗ ਨੂੰ ਲੈ ਕੇ ਜਾਮ ਲਗਾ ਰਹੇ ਲੋਕਾਂ ਨੇ ਕਿਹਾ ਕਿ ਅਜੇ ਤੱਕ ਬੱਚੇ ਦੇ ਕਤਲ ਦੇ ਦੋਸ਼ੀਆਂ ਨੂੰ ਗ੍ਰਿਫਤਰ ਨਹੀਂ ਕੀਤਾ ਗਿਆ, ਮਜ਼ਬੂਰ ਹੋ ਕੇ ਸਾਨੂੰ ਅੱਜ ਜਾਮ ਲਗਾਉਣਾ ਪਿਆ। ਇਸ ਮੌਕੇ ਬੀਕੇਯੂ ਮਾਨਸਾ ਦੇ ਸੁਖਦੇਵ ਸਿੰਘ ਕੋਟਲੀ, ਬੀਕੇਯੂ ਢਕੌਂਦਾ ਦੇ ਸੁਖਵਿੰਦਰ ਸਿੰਘ, ਬੀਕੇਯੂ ਸਿੱਧੂਪੁਰ ਦੇ ਜਗਦੇਵ ਸਿੰਘ ਕੋਟਲੀ ਨੇ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਢਿੱਲ ਵਰਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਰਹਿੰਦੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਵੇ। ਇੱਥੇ ਇਹ ਵੀ ਵਰਨਣਯੋਗ ਹੈ ਕਿ ਮੋਟਰਸਾਈਕਲ ਸਵਾਰ ਵੱਲੋਂ ਗੋਲੀਆਂ ਮਾਰ ਕੇ ਊਦੇਵੀਰ ਸਿੰਘ ਦਾ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਮਾਨਸਾ ਜ਼ਿਲ੍ਹੇ ਦੀ ਪੁਲਿਸ ਵੱਲੋਂ 3 ਮੁੱਖ ਮੁਲਜ਼ਮ ਸੇਵਕ ਸਿੰਘ , ਅੰਮ੍ਰਿਤ ਸਿੰਘ ਤੇ ਚੰਨੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਹੋਰ ਮਨਪ੍ਰੀਤ ਕੌਰ, ਅਜੀਮ ਸਿੰਘ, ਬਲਵੀਰ ਸਿੰਘ ਤੇ ਵੀਰਪਾਲ ਕੌਰ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੇ ਬਲਵੀਰ ਤੇ ਵੀਰਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਦੋਂ ਅਜੇ ਕੁਝ ਗ੍ਰਿਫਤਾਰੀ ਤੋਂ ਬਾਹਰ ਹਨ। ਬਾਕੀ ਦੋਸ਼ੀਆਂ ਦੀ ਗ੍ਰਿਫਤਾਰ ਦੀ ਮੰਗ ਨੂੰ ਲੈ ਕੇ ਅੱਜ ਬਠਿੰਡਾ ਚੰਡੀਗੜ੍ਹ ਸੜਕ ’ਤੇ ਜਾਮ ਲਗਾਇਆ ਗਿਆ।