ਜਗਰਾਓਂ, 12 ਅਕਤੂਬਰ : ਪੰਜਾਬ ‘ਚ ਲੁਧਿਆਣਾ ਦੀ ਜਗਰਾਓਂ ਪੁਲਿਸ ਨੇ ਦੋ ਵਾਹਨ ਚੋਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਦੋਵਾਂ ਗਰੋਹਾਂ ਕੋਲੋਂ ਕੁੱਲ 23 ਵਾਹਨ ਬਰਾਮਦ ਕੀਤੇ ਹਨ। ਸ਼ਰਾਰਤੀ ਅਨਸਰ ਖੜ੍ਹੇ ਵਾਹਨਾਂ ਦੀ ਜਾਸੂਸੀ ਕਰਕੇ ਉਨ੍ਹਾਂ ਨੂੰ ਚੋਰੀ ਕਰਦੇ ਹਨ। ਇਸ ਮਗਰੋਂ ਚੋਰੀ ਕੀਤੇ ਵਾਹਨਾਂ ‘ਤੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਦੂਜੇ ਲੋਕਾਂ ਨੂੰ ਵੇਚ ਦਿੰਦੇ ਸਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਐਸਐਸਪੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਸੀਆਈਏ ਇੰਚਾਰਜ ਹੀਰਾ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਲਖਵਿੰਦਰ ਸਿੰਘ ਉਰਫ਼ ਲੱਖੀ ਵਾਸੀ ਖੁਰਸੈਦਪੁਰ ਅਤੇ ਲਖਵਿੰਦਰ ਸਿੰਘ ਉਰਫ਼ ਲੱਖਾ ਮੁਹੱਲਾ ਨੇੜੇ ਸ਼ੇਰਪੁਰ ਫਾਟਕ ਵੱਖ-ਵੱਖ ਥਾਵਾਂ ਤੋਂ ਵਾਹਨ ਚੋਰੀ ਕਰਕੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਲੋਕਾਂ ਨੂੰ ਵੇਚਦੇ ਹਨ। ਫਿਲਹਾਲ ਦੋਸ਼ੀ ਜਾਅਲੀ ਨੰਬਰ ਪਲੇਟ ਵਾਲੀ ਸਪਲੈਂਡਰ ਬਾਈਕ ‘ਤੇ ਸਵਾਰ ਹੋ ਕੇ ਕੋਠੇ ਖਜੂਰਾ ਤੋਂ ਮੇਨ ਜੀ.ਟੀ ਰੋਡ ਅਲੀਗੜ੍ਹ ਚੌਕ ਵੱਲ ਵਾਹਨ ਵੇਚਣ ਲਈ ਆ ਰਿਹਾ ਹੈ। ਜੇਕਰ ਉਸ ਨੂੰ ਹੁਣ ਨਾਕਾਬੰਦੀ ਕਰਕੇ ਰੋਕਿਆ ਜਾਵੇ ਤਾਂ ਦੋਸ਼ੀ ਕਾਬੂ ਕੀਤਾ ਜਾ ਸਕਦਾ ਹੈ। ਸੂਚਨਾ ਮਿਲਣ ‘ਤੋਂ ਬਾਅਦ ਪੁਲਿਸ ਨੇ ਰਾਜਾ ਢਾਬੇ ਕੋਲ ਨਾਕਾਬੰਦੀ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮ ਲਖਵਿੰਦਰ ਸਿੰਘ ਉਰਫ਼ ਲੱਖੀ ਕੋਲੋਂ ਚੋਰੀ ਦੇ ਕਰੀਬ 16 ਵਾਹਨ ਬਰਾਮਦ ਕੀਤੇ ਹਨ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ 3 ਕੇਸ ਦਰਜ ਹਨ। ਇਸ ਤੋਂ ਇਲਾਵਾ ਥਾਣਾ ਸਦਰ ਜਗਰਾਉਂ ਦੀ ਪੁਲਿਸ ਨੇ ਮੁਲਜ਼ਮ ਦਿਲਪ੍ਰੀਤ ਉਰਫ਼ ਕਾਲੂ, ਸਾਗਰ ਉਰਫ਼ ਸਵੀਟੀ, ਸਰਬਣ ਕੁਮਾਰ, ਚਰਨਜੋਤ ਸਿੰਘ ਖ਼ਿਲਾਫ਼ ਵੀ ਵਾਹਨ ਚੋਰੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਮੁਲਜ਼ਮ ਮੋਟਰਸਾਈਕਲ ਚੋਰੀ ਕਰਕੇ ਵੇਚਦੇ ਸਨ। ਸਾਰੇ ਦੋਸ਼ੀ ਨਸ਼ੇ ਦੀ ਪੂਰਤੀ ਲਈ ਇਹ ਵਾਰਦਾਤਾਂ ਕਰਦੇ ਹਨ। ਮੁਲਜ਼ਮਾਂ ਨੂੰ ਅਮਰਗੜ੍ਹ ਕਲੇਰ ਨੇੜੇ ਨਾਕਾਬੰਦੀ ਕਰ ਕੇ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਕੁੱਲ 7 ਵਾਹਨ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਨੇ ਜਿਨ੍ਹਾਂ ਲੋਕਾਂ ਨੂੰ ਗੱਡੀਆਂ ਵੇਚੀਆਂ ਸਨ, ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲੀਸ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ।