- ਹਸਪਤਾਲ 'ਚ ਆਧੁਨਿਕ ਸੁਵਿਧਾਵਾਂ ਮੁੱਹਈਆ ਕਰਾਉਣ ਲਈ ਤਿਆਰ ਕੀਤਾ ਜਾ ਰਿਹਾ ਹੈ ਐਸਟੀਮੇਟ : ਪੂਨਮਦੀਪ ਕੌਰ
ਬਰਨਾਲਾ, 26 ਜੁਲਾਈ : ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਮਰੀਜ਼ਾਂ ਨੂੰ ਮਿਲਣ ਵਾਲਿਆਂ ਸਹੂਲਤਾਂ ਵਿੱਚ ਵਾਧਾ ਕਰਨ ਦੇ ਉਦੇਸ਼ ਨਾਲ ਅੱਜ ਸਿਵਲ ਹਸਪਤਾਲ ਬਰਨਾਲਾ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਿਹਤ ਸੁਵਿਧਾਵਾਂ 'ਚ ਵਾਧਾ ਕਰਨ ਲਈ ਅਤੇ ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਬੇਹਤਰ ਸੁਵਿਧਾਵਾਂ ਦੇਣ ਲਈ ਸਿਵਲ ਹਸਪਤਾਲਾਂ ਨੂੰ ਨਵੀਂ ਦਿੱਖ ਦਿੱਤੀ ਜਾਣੀ ਹੈ । ਉਨ੍ਹਾਂ ਕਿਹਾ ਕਿ ਸਰਕਾਰੀ ਹਦਾਇਤਾਂ ਅਨੁਸਾਰ ਹਸਪਤਾਲ ਵਿੱਚ ਸਿਹਤ ਵਿਭਾਗ ਦੇ ਮਾਪਦੰਡਾਂ ਮੁਤਾਬਿਕ ਆਪ੍ਰੇਸ਼ਨ ਥੀਏਟਰ ਅਪਗ੍ਰੇਡ ਕੀਤਾ ਜਾਣਾ ਹੈ ਤਾਂ ਜੋ ਇਨਫੈਕਸ਼ਨ ਜਾਂ ਹੋਰ ਕਿਸਮ ਦੀ ਪਰੇਸ਼ਾਨੀਆਂ ਤੋਂ ਮਰੀਜ਼ਾਂ ਨੂੰ ਬਚਾਇਆ ਜਾ ਸਕੇ । ਇਸੇ ਤਰ੍ਹਾਂ ਉਨ੍ਹਾਂ ਸਿਹਤ ਅਧੀਕਾਰੀਆਂ ਨੂੰ ਕਿਹਾ ਕਿ ਐਮਰਜੰਸੀ ਵਾਰਡ ਦਾ ਵਿਸਤਾਰ ਕੀਤਾ ਜਾਵੇ ਅਤੇ ਇਸ ਵਿਚ ਟ੍ਰਾਮਾ ਸੈਂਟਰ (ਸੜਕ ਹਾਦਸਿਆਂ 'ਚ ਗੰਭੀਰ ਰੂਪ ਨਾਲ ਜ਼ਖਮੀ ਲੋਕਾਂ ਲਈ ਸਿਹਤ ਸੁਵਿਧਾ) ਸਥਾਪਤ ਕੀਤੀ ਜਾਵੇ । ਉਨ੍ਹਾਂ ਹਦਾਇਤ ਕੀਤੀ ਕਿ ਬਰਨਾਲਾ ਜੇਲ ਤੋਂ ਆਉਣ ਵਾਲੇ ਕੈਦੀਆਂ ਜਾਂ ਹਵਾਲਾਤੀਆਂ ਲਈ ਵੀ ਵੱਖਰਾ ਵਾਰਡ ਬਣਾਇਆ ਜਾਵੇ । ਇਸੇ ਤਰ੍ਹਾਂ ਉਨ੍ਹਾਂ ਹਦਾਇਤ ਕੀਤੀ ਕਿ ਦਿਵਯਾਂਗ ਮਰੀਜ਼ਾਂ ਲਈ ਹਸਪਤਾਲ ਦੇ ਹਰ ਇੱਕ ਬਲਾਕ ਵਿਚ ਵੱਖਰੇ ਟਾਇਲਟ ਅਤੇ ਪਖਾਨੇ ਬਣਾਏ ਜਾਣ ਤਾਂ ਜੋ ਉਨ੍ਹਾਂ ਨੂੰ ਇਸ ਸਬੰਧੀ ਸਮਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ । ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦਿੱਤੀ ਗਈ ਤਜਵੀਜ਼ ਅਨੁਸਾਰ ਨਵੀਂ ਉਸਾਰੀ ਲਈ ਐਸਟੀਮੇਟ ਬਣਾ ਕੇ ਸਰਕਾਰ ਕੋਲ ਭੇਜਿਆ ਜਾਵੇਗਾ । ਇਸ ਮੌਕੇ ਉਨ੍ਹਾਂ ਨਾਲ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਗੋਪਾਲ ਸਿੰਘ, ਸਹਾਇਕ ਕਮਿਸ਼ਨਰ ਸੁਖਪਾਲ ਸਿੰਘ, ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮਿੰਦਰ ਕੌਰ ਔਜਲਾ, ਸਹਾਇਕ ਹਸਪਤਾਲ ਪ੍ਰਸ਼ਾਸਕ ਡਾ. ਭਵਨਜੋਤ ਸਿੰਘ ਸਿੱਧੂ ਅਤੇ ਹੋਰ ਅਫਸਰ ਮੌਜੂਦ ਸਨ।