- ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਵੋਟ ਪ੍ਰਤੀਸ਼ਤਤਾ ਨੂੰ ਵਧਾਉਣ ਲਈ ਮੰਗਿਆ ਸਮਰਥਨ
- ਮਾਲ ਪ੍ਰਬੰਧਕਾਂ ਨੂੰ ਵੀ ਵੋਟਿੰਗ ਵਾਲੇ ਦਿਨ ਸੈਲਫੀ ਕਾਰਨਰ/ਬੈਨਰ ਲਗਾਉਣ ਅਤੇ ਵੋਟਰਾਂ ਨੂੰ ਛੋਟ ਦੇਣ ਲਈ ਕਿਹਾ
ਲੁਧਿਆਣਾ, 22 ਮਾਰਚ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਪੀਲ ਅਤੇ ਲੋਕ ਸਭਾ ਚੋਣਾਂ-2024 ਦੌਰਾਨ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਹੋਟਲਾਂ/ਰੈਸਟੋਰੈਂਟਾਂ ਨੇ ਵੋਟਰਾਂ ਨੂੰ ਵੋਟਿੰਗ ਵਾਲੇ ਦਿਨ ਸਿਆਹੀ ਵਾਲੀ ਉਂਗਲ ਨਾਲ ਖਾਣ-ਪੀਣ ਦੀਆਂ ਵਸਤਾਂ 'ਤੇ ਛੋਟ ਦੇਣ ਲਈ ਸਹਿਮਤੀ ਪ੍ਰਗਟਾਈ ਹੈ। ਸਥਾਨਕ ਬੱਚਤ ਭਵਨ ਵਿਖੇ ਹੋਟਲਾਂ/ਰੈਸਟੋਰੈਂਟਾਂ ਨਾਲ ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਕਿਹਾ ਕਿ ਪਹਿਲੀ ਜੂਨ ਨੂੰ ਜ਼ਿਲ੍ਹੇ ਵਿੱਚ ਹੋਣ ਵਾਲੀਆਂ ਚੋਣਾਂ ਦੌਰਾਨ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੂੰ ਘਰੋਂ ਨਿਕਲਣ ਲਈ ਪ੍ਰੇਰਿਤ ਕਰਨ ਵਿੱਚ ਹੋਟਲ/ਰੈਸਟੋਰੈਂਟ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਪ੍ਰਸ਼ਾਸਨ ਵੱਲੋਂ ਇਸ ਵਾਰ 70 ਫੀਸਦ ਤੋਂ ਵੱਧ ਵੋਟਿੰਗ ਪ੍ਰਾਪਤ ਕਰਨ ਦਾ ਟੀਚਾ ਹੈ ਜਿਸ ਲਈ ਸਾਰੇ ਭਾਈਵਾਲਾਂ ਨੂੰ ਆਪਣਾ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ। ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਆਸ ਪ੍ਰਗਟਾਈ ਕਿ ਇਹ ਪਹਿਲ ਵੱਧ ਤੋਂ ਵੱਧ ਲੋਕਾਂ ਨੂੰ ਪੋਲਿੰਗ ਬੂਥਾਂ 'ਤੇ ਆਉਣ ਅਤੇ ਲੋਕਤੰਤਰੀ ਪ੍ਰਕਿਰਿਆ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰੇਗੀ। ਬਾਅਦ ਵਿੱਚ, ਮੋਤੀ ਮਹਿਲ ਡੀਲਕਸ ਰੈਸਟੋਰੈਂਟ, ਗ੍ਰੀਨਜ਼ ਹੋਟਲ, ਹੋਟਲ ਗ੍ਰੈਂਡ, ਹੋਮ ਕੁੱਕ, ਮਲਹੋਤਰਾ ਰੀਜੈਂਸੀ, ਬਿਸਟਰੋ ਫਲੇਮ ਬੋਇਸ, ਹੋਟਲ ਲੀਲਾ ਕਲਾਸਿਕ, ਹੋਟਲ ਐਲੀਗੈਂਸ ਐਂਡ ਐਲੀਗੈਂਸ ਰੀਜੈਂਸੀ, ਬਿਸਟਰੋ 226 ਦ ਐਜ, ਟੋਕਿਓ-1 ਪੈਵਿਲੀਅਨ ਮਾਲ, ਹਯਾਤ ਰੀਜੈਂਸੀ, ਹੋਟਲ 99 ਸਕੁਏਅਰ, ਹੋਟਲ ਰੱਜਾ, ਜੇ9 ਬਾਰ ਐਕਸਚੇਂਜ, ਬਕਲਵੀ ਬਾਰ ਐਂਡ ਕਿਚਨ ਅਤੇ ਹੋਰਾਂ ਦੇ ਨੁਮਾਇੰਦਿਆਂ ਨੇ ਭਰੋਸਾ ਦਿਵਾਇਆ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਆਫਰ ਲਾਂਚ ਕਰਨਗੇ। ਇਸ ਦੌਰਾਨ ਵੱਖ-ਵੱਖ ਮਾਲਜ਼ ਦੇ ਪ੍ਰਬੰਧਕਾਂ ਨੂੰ ਵੋਟਿੰਗ ਪ੍ਰਕਿਰਿਆ ਵਿੱਚ ਲੋਕਾਂ ਨੂੰ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕਰਨ ਲਈ ਸੈਲਫੀ ਕਾਰਨਰ, ਈ.ਵੀ.ਐਮ. ਪ੍ਰਦਰਸ਼ਨੀ ਬੂਥ, ਬੈਨਰ ਲਗਾਉਣ ਲਈ ਵੀ ਕਿਹਾ ਗਿਆ। ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਕਰਵਾਈਆਂ ਗਈਆਂ ਮੀਟਿੰਗਾਂ ਵਿੱਚ ਪੈਵਿਲੀਅਨ ਮਾਲ, ਸਿਲਵਰ ਆਰਕ ਮਾਲ ਆਦਿ ਸਮੇਤ ਵੱਖ-ਵੱਖ ਮਾਲਜ਼ ਦੇ ਪ੍ਰਬੰਧਕਾਂ ਨੇ ਭਾਗ ਲਿਆ ਅਤੇ ਪ੍ਰਸ਼ਾਸਨ ਨੂੰ ਆਪਣਾ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।