- ਅਧਿਕਾਰੀਆਂ ਵਲੋਂ ਪਿੰਡਾਂ ਵਿਚ ਜਾਗਰੂਕਤਾ ਮੀਟਿੰਗਾਂ
ਬਰਨਾਲਾ, 23 ਅਕਤੂਬਰ 2024 : ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੇ ਦਿਸ਼ਾ - ਨਿਰਦੇਸ਼ਾਂ ਤਹਿਤ ਪਰਾਲੀ ਪ੍ਰਬੰਧਨ ਮੁਹਿੰਮ ਅਧੀਨ ਜ਼ਿਲ੍ਹੇ ਦੇ ਪਿੰਡਾਂ ਵਿਚ ਪਿੰਡ ਪੱਧਰੀ ਕਮੇਟੀਆਂ ਸਥਾਪਿਤ ਕੀਤੀ ਗਈਆਂ ਹਨ, ਜਿਨ੍ਹਾਂ ਦੀ ਮੁਹਿੰਮ ਵਿਚ ਅਹਿਮ ਭੂਮਿਕਾ ਹੈ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਸਤਵੰਤ ਸਿੰਘ ਨੇ ਅੱਜ ਮਾਨਾ ਪਿੰਡੀ ਵਿੱਚ ਪਿੰਡ ਪੱਧਰੀ ਕਮੇਟੀਆਂ ਦੇ ਮੈਂਬਰਾਂ, ਮੋਹਤਬਰਾਂ ਅਤੇ ਕਿਸਾਨਾਂ ਨਾਲ ਮੀਟਿੰਗ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਘਰ ਘਰ ਪਹੁੰਚ ਕਰਕੇ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਮੁਹਿੰਮ ਵਿਚ ਸਾਥ ਦੇਣ। ਇਸੇ ਤਰ੍ਹਾਂ ਅੱਜ ਵੱਖ ਵੱਖ ਅਧਿਕਾਰੀਆਂ ਵਲੋਂ ਪਿੰਡ ਠੀਕਰੀਵਾਲਾ, ਪੱਖੋ ਕਲਾਂ, ਬਦਰਾ, ਸੇਖਾ, ਪੱਤੀ ਸੇਖਵਾਂ, ਹੰਡਿਆਇਆ, ਮੌੜ ਨਾਭਾ, ਉੱਪਲੀ, ਖੁੱਡੀ ਖੁਰਦ, ਤਾਜੋ ਕੇ, ਰੂੜੇਕੇ ਖੁਰਦ, ਸਹਿਜੜਾ, ਚੰਨਣਵਾਲ, ਗੰਗੋਹਰ, ਭੋਤਨਾ, ਮਹਿਤਾ ਪਿੰਡਾਂ ਵਿੱਚ ਗਤੀਵਿਧੀਆਂ ਕੀਤੀਆਂ। ਪਰਾਲੀ ਪ੍ਰਬੰਧਨ ਮੁਹਿੰਮ ਤਹਿਤ ਪਿੰਡਾਂ ਵਿਚ ਕੰਟਰੋਲ ਰੂਮ ਸਥਾਪਿਤ ਕੀਤੇ ਜਾ ਰਹੇ ਹਨ, ਤਾਂ ਜੋ ਸਬੰਧਤ ਕਰਮਚਾਰੀ ਪਿੰਡਾਂ ਵਿਚ ਹੀ ਬੈਠ ਕੇ ਕਿਸਾਨਾਂ ਨੂੰ ਮਸ਼ੀਨਰੀ ਮੁੱਹਈਆ ਕਰਾਉਣ ਅਤੇ ਜਾਗਰੂਕ ਵੀ ਕਰਨ। ਇਸੇ ਤਹਿਤ ਉਪਲੀ ਸਹਿਕਾਰੀ ਸਭਾ ਵਿਚ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ। ਜ਼ਿਲ੍ਹਾ ਬਰਨਾਲਾ ਅਤੇ ਬਲਾਕ ਮਹਿਲ ਕਲਾਂ ਦੇ ਪਿੰਡ ਕਲਾਲਾਂ ਦੇ ਕਿਸਾਨ ਲਛਮਣ ਸਿੰਘ ਨੇ ਪਿਛਲੇ 4 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਈ ਤੇ ਸਰਫੇਸ ਸੀਡਰ ਜਿਹੇ ਸੰਦਾਂ ਨਾਲ ਕਣਕ ਦੀ ਸਿੱਧੀ ਬਿਜਾਈ ਕਰਦੇ ਹਨ ਜਿਸ ਨਾਲ ਕਣਕ ਦਾ ਝਾੜ ਵੀ ਵਧਿਆ ਹੈ। ਉਨ੍ਹਾਂ ਦੱਸਿਆ ਕਿ ਉਹ ਸਹਿਕਾਰੀ ਸਭਾ ਦੇ ਪ੍ਰਧਾਨ ਵੀ ਹਨ ਤੇ ਇਸ ਨਾਤੇ ਕਿਸਾਨਾਂ ਨੂੰ ਅਪੀਲ ਕਰਦੇ ਹਨ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ।