ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਤਵਾਰ ਨੂੰ ਇੱਕ ਮੀਟਿੰਗ ਦੌਰਾਨ ਕਿਹਾ ਕਿ ਮੂਸੇਵਾਲਾ ਦੇ ਕਤਲ ਨੂੰ 5 ਮਹੀਨੇ ਹੋ ਗਏ ਹਨ, ਪਰ ਸਰਕਾਰ ਵੱਲੋਂ ਇਨਸਾਫ਼ ਨਹੀਂ ਮਿਲ ਰਿਹਾ। ਮੈਨੂੰ ਕਾਨੂੰਨ ‘ਤੇ ਭਰੋਸਾ ਸੀ, ਇਸੇ ਲਈ ਹੁਣ ਤੱਕ ਕਿਤੇ ਵੀ ਧਰਨਾ ਨਹੀਂ ਦਿੱਤਾ ਗਿਆ, ਪਰ ਹੁਣ ਸਰਕਾਰ ਨਹੀਂ ਸੁਣ ਰਹੀ। ਮੂਸੇਵਾਲਾ ਨੇ ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ਾਂ ਵਿਚ ਰਹਿਣ ਦੀ ਬਜਾਏ ਆਪਣੇ ਦੇਸ਼ ਵਿਚ ਹੀ ਰਹਿਣ ਦਾ ਫੈਸਲਾ ਕੀਤਾ ਸੀ ਪਰ ਪੰਜਾਬ ਵਿਚ ਗੈਂਗਸਟਰਾਂ ਨੇ ਜਾਲ ਬੁਣ ਕੇ ਉਸ ਨੂੰ ਆਪਣਾ ਸ਼ਿਕਾਰ ਬਣਾਇਆ। ਬਲਕੌਰ ਸਿੰਘ ਨੇ ਕਿਹਾ ਕਿ ਜੇਕਰ 25 ਨਵੰਬਰ ਤੱਕ ਇਨਸਾਫ਼ ਨਾ ਮਿਲਿਆ ਤਾਂ ਉਹ ਡੀਜੀਪੀ ਨਾਲ ਗੱਲ ਕਰਕੇ ਪੁੱਤਰ ਸ਼ੁਭਦੀਪ ਮੂਸੇਵਾਲਾ ਦੇ ਕਤਲ ਦੀ ਐਫਆਈਆਰ ਵਾਪਸ ਲੈ ਲੈਣਗੇ। ਮੈਂ ਵੀ ਉਸੇ ਰਸਤੇ ‘ਤੇ ਚੱਲਾਂਗਾ ਜੋ ਮੇਰੇ ਪੁੱਤਰ ਨੇ ਚਲਾਇਆ ਸੀ। ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਹੁਣ ਐੱਨ.ਆਈ.ਏ. ਸਿੱਧੂ ਦਾ ਪੱਖ ਰੱਖਣ ਵਾਲਿਆਂ ਨੂੰ ਵੀ ਸੰਮਨ ਕਰ ਰਹੀ ਹੈ ਜੋ ਸਿੱਧੂ ਦੇ ਹੱਕ ਵਿੱਚ ਖੜ੍ਹੇ ਹਨ। ਸਿੱਧੂ ਦਾ ਮੋਬਾਈਲ, ਪਿਸਟਲ ਤੇ ਹੋਰ ਸਾਮਾਨ ਐਨ ਆਈ ਏ ਦੇ ਕੋਲ ਹੀ ਹੈ ਜਿਵੇਂ ਮਰਜ਼ੀ ਚੈੱਕ ਕਰੋ। ਮੂਸੇਵਾਲਾ ਦਾ ਗੈਂਗਸਟਰਾਂ ਦੇ ਨਾਲ ਕੋਈ ਰਿਸ਼ਤਾ ਨਹੀਂ ਹੈ, ਪਰ ਏਜੰਸੀਆਂ ਉਸ ਦਾ ਨਾਤਾ ਗੈਂਗਸਟਰਾਂ ਨਾਲ ਜੋੜਨ ‘ਤੇ ਤੁਲੀ ਹੈ। ਮੂਸੇਵਾਲਾ ਇੱਕ ਸ਼ੋਅ ਦਾ ਸਵਾ ਕਰੋੜ ਰੁਪਏ ਵਿਦੇਸ਼ ਵਿੱਚ ਲੈਂਦਾ ਰਿਹਾ ਹੈ। ਉਹ ਚੰਦ ਪੈਸਿਆਂ ਲਈ ਗੈਂਗਸਟਰਾਂ ਦੇ ਨਾਲ ਕਿਉਂ ਰਿਸ਼ਤਾ ਰਖੇਗਾ। CIA ਇੰਚਾਰਜ ਗੈਂਗਸਟਰਾਂ ਦੇ ਨਾਲ ਪਾਰਟੀਆਂ ਕਰਦਾ ਰਿਹਾ ਹੈ, ਪਰ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹਨ। ਦੂਜੇ ਪਾਸੇ, ਪੰਜਾਬ ਫਿਲਮ ਇੰਡਸਟਰੀ ਵਿੱਚ ਕੋਈ ਕਲਾਕਾਰ ਖੁੱਲ੍ਹਕਰ ਮੂਸੇਵਾਲਾ ਦੇ ਹੱਕ ਵਿੱਚ ਨਹੀਂ ਆਇਆ, ਜੇ ਕੋਈ ਆਇਆ ਹੈ ਤਾਂ ਸਿਰਫ 2 ਲੜਕੀਆਂ। ਅਫਸਾਨਾ ਅਤੇ ਜੈਨੀ ਨੂੰ ਇਸ ਤਰ੍ਹਾਂ ਐਨ ਆਈ ਏ ਵੱਲੋਂ ਸੰਮਨ ਕਰਨਾ ਗਲਤ ਹੈ। ਐਨ ਆਈ ਏ ਨੇ ਅਜੇ ਤੱਕ ਲਾਰੈਂਸ ਦੇ ਖਾਸ ਜੋ ਦਿੱਲੀ ਵਿੱਚ ਰਹਿੰਦੇ ਹਨ, ਉਨ੍ਹਾਂ ਤੋਂ ਪੁੱਛਗਿੱਛ ਤੱਕ ਨਹੀਂ ਕੀਤੀ। ਬਲਕੌਰ ਸਿੰਘ ਨੇ ਕਿਹਾ ਕਿ CIA ਇੰਚਾਰਜ ਨੂੰ ਉਹ ਭਗਵਾਨ ਮੰਨਦੇ ਸਨ, ਉਸ ਨੇ ਧੋਖਾ ਦੇ ਦਿੱਤਾ।