ਪਹਿਲੀ ਵਾਰ ਦੇਖਿਆ ਹੈ ਕਿ ਚੋਣ ਨਿਸ਼ਾਨ ਮਿਲਣ ਤੋਂ ਬਾਅਦ ਵੀ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ : ਸੁਖਬੀਰ ਸਿੰਘ ਬਾਦਲ

ਸ਼੍ਰੀ ਮੁਕਤਸਰ ਸਾਹਿਬ, 08 ਅਕਤੂਬਰ 2024 : ਜਿਲ੍ਹਾ ਮੁਕਤਸਰ ਸਾਹਿਬ ਵਿੱਚ ਵੱਖ ਵੱਖ ਪਿੰਡਾਂ ਦੀਆਂ ਗ੍ਰਾਂਮ ਪੰਚਾਇਤਾਂ ‘ਚ ਵਿਰੋਧੀ ਧਿਰ ਦੇ ਸਰਪੰਚ ਦੀਆਂ ਨਾਮਜ਼ਦਗੀਆਂ ਰੱਦ ਕਰਨ ਦੇ ਵਿਰੋਧ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਵਿਖੇ ਰੋਸ਼ ਪ੍ਰਦਰਸ਼ਨ ਕੀਤਾ ਗਿਆ, ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਮੂਲੀਅਤ ਕੀਤੀ ਗਈ। ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਆਪਣੇ ਸਿਆਸੀ ਜੀਵਨ ਵਿੱਚ ਪਹਿਲੀ ਵਾਰ ਦੇਖਿਆ ਹੈ ਕਿ ਚੋਣ ਨਿਸ਼ਾਨ ਮਿਲਣ ਤੋਂ ਬਾਅਦ ਵੀ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਹੋਣ। ਉਨ੍ਹਾਂ ਕਿਹਾ ਕਿ ਹਲਕਾ ਗਿੱਦੜਬਾਹਾ ਵਿੱਚ ਨਵੇਂ ਬਣੇ ਆਪ ਆਗੂ ਦੀਆਂ ਜਮਾਨਤਾਂ ਜਬਤ ਹੋਣਗੀਆਂ। ਉਨ੍ਹਾਂ ਕਿਹਾ ਕਿ ਜਿਆਦਾਤਰ ਪਿੰਡਾਂ ਦੇ ਸਰਪੰਚਾਂ ਦੀਆਂ ਨਾਮਜ਼ਦਗੀਆਂ ਰੱਦ ਹੋਣ ਕਾਰਨ ਹਲਕੇ ਦੇ ਲੋਕ ਰੋਸ਼ ਕਰ ਰਹੇ ਹਨ। ਬਾਦਲ ਨੇ ਕਿਹਾ ਕਿ ਭਾਵੇਂ ਪੰਚਾਇਤੀ ਚੋਣਾਂ ਵਿੱਚ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋ ਗਈਆਂ ਹਨ, ਪਰ ਆਉਣ ਵਾਲੀ ਗਿੱਦੜਬਾਹਾ ਦੀ ਜ਼ਿਮਨੀ ਚੋਣ ਵਿੱਚ ਨੀ ਨਾਮਜ਼ਗੀਆਂ ਰੱਦ ਹੋਣਗੀਆਂ, ਸਗੋਂ ਨਾਜ਼ਦਗੀਆਂ ਰੱਦ ਕਰਵਾਉਣ ਵਾਲਿਆਂ ਨੂੰ ਲੋਕ ਜਰੂਰ ਹਰਾ ਦੇਣਗੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਦੇ ਵਿਰੋਧ 'ਚ ਐੱਸਡੀਐੱਮ ਦਫ਼ਤਰ ਗਿੱਦੜਬਾਹਾ ਦਾ ਘਿਰਾਓ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਡੀਸੀ ਮੁਕਤਸਰ ਦੇ ਇਸ਼ਾਰੇ ’ਤੇ ਵਿਰੋਧੀ ਧਿਰ ਦੀਆਂ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਹਨ। ਉਹ ਮਾਮਲੇ ਨੂੰ ਹਾਈਕੋਰਟ 'ਚ ਲੈ ਕੇ ਜਾਣਗੇ। ਅਫਸਰਾਂ ਨੂੰ ਅਦਾਲਤ 'ਚ ਵੀ ਘਸੀਟਿਆ ਜਾਵੇਗਾ। ਪੰਚਾਇਤੀ ਚੋਣਾਂ 'ਚ ਜਿੰਨਾ ਚਾਹੋ ਧੱਕਾ ਕਰ ਸਕਦੇ ਹੋ ਪਰ ਉਪ-ਚੋਣਾਂ 'ਚ ਤੁਸੀਂ ਬੁਰੀ ਤਰ੍ਹਾਂ ਹਾਰੋਗੇ। ਉਨ੍ਹਾਂ ਕਿਹਾ ਕਿ ਬਦਲਾਅ ਨੇ ਪੰਜਾਬ ਦੀ ਹਾਲਤ ਬਦਤਰ ਕਰ ਦਿੱਤੀ ਹੈ। ਨੌਜਵਾਨ ਵਿਦੇਸ਼ ਜਾ ਰਹੇ ਹਨ। ਵਪਾਰੀਆਂ ਸਮੇਤ ਹੋਰ ਵਰਗਾਂ ਦੇ ਲੋਕ ਦੁਖੀ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਹੀ ਅਰਥਾਂ 'ਚ ਭਗਵੰਤ ਮਾਨ ਮੁੱਖ ਮੰਤਰੀ ਹੀ ਨਹੀਂ ਹਨ। ਕੇਜਰੀਵਾਲ ਦਿੱਲੀ ਤੋਂ ਸਰਕਾਰ ਚਲਾ ਰਹੇ ਹਨ।