ਰੋਪੜ, 10 ਫਰਵਰੀ : ਪੰਜਾਬ ਵਿੱਚ ਇਕ ਵਾਰ ਫਿਰ ਇਨਸਾਨੀਅਤ ਨੁੰ ਸ਼ਰਮਸਾਰ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲੋਕ ਇਕ ਮੁਸੀਬਤ ਵਿੱਚ ਫਸੇ ਵਿਅਕਤੀ ਦੀ ਮਦਦ ਕਰਨ ਦੀ ਬਜਾਏ ਮੁਫਤ ਦੀ ਚੀਜ ਲੈ ਕੇ ਜਾਣ ਵਿੱਚ ਰੁਝੇ ਰਹੇ। ਜ਼ਿਲ੍ਹਾ ਰੋਪੜ ਵਿੱਚ ਅਨੰਦਪੁਰ ਸਾਹਿਬ-ਗੜ੍ਹਸ਼ੰਕਰ ਰੋਡ ਉਤੇ ਝੱਜ ਚੌਂਕ ਟੀ ਪੁਆਇੰਟ ਉਤੇ ਇਕ ਤੇਲ ਦਾ ਭਰਿਆ ਟੈਂਕਰ ਪਲਟ ਗਿਆ। ਤੇਲ ਦਾ ਭਰਿਆ ਟੈਕਰ ਪੈਟਰੋਲ ਪੰਪ ਉਤੇ ਸਪਲਾਈ ਦੇਣ ਜਾ ਰਿਹਾ ਸੀ। ਜਦੋਂ ਲੋਕਾਂ ਨੂੰ ਤੇਲ ਦਾ ਭਰੇ ਟੈਂਕਰ ਪਲਟਣ ਦਾ ਪਤਾ ਚੱਲਿਆ ਤਾਂ ਲੋਕਾਂ ਨੇ ਟੈਂਕਰ ਵਿੱਚ ਸਵਾਰ ਲੋਕਾਂ ਨੂੰ ਬਚਾਉਣ ਦੀ ਬਜਾਏ ਟੈਂਕਰ ਵਿਚੋਂ ਨਿਕਲ ਰਹੇ ਤੇਲ ਨੂੰ ਬੱਠਲਾਂ, ਬਾਲਟੀਆਂ ਵਿੱਚ ਭਰਨ ਵਿੱਚ ਰੁਝੇ ਰਹੇ। ਡਰਾਈਵਰ ਨੇ ਤੇਲ ਟੈਂਕਰ ਪਲਟਣ ਦੀ ਖਬਰ ਮਾਲਕ ਨੂੰ ਦਿੱਤੀ। ਮਾਲਕ ਨੇ ਤੁਰੰਤ ਜੇਸੀਬੀ ਮੌਕੇ ਉਤੇ ਭੇਜੀ ਤਾਂ ਜੋ ਟੈਂਕਰ ਨੂੰ ਸਿੱਧਾ ਕੀਤਾ ਜਾ ਸਕੇ। ਜਦੋਂ ਟੈਂਕਰ ਨੂੰ ਸਿੱਧਾ ਕੀਤਾ ਜਾ ਰਿਹਾ ਸੀ ਲੋਕ ਉਸ ਸਮੇਂ ਵੀ ਤੇਲ ਭਰਨ ਵਿੱਚ ਰੁਝੇ ਰਹੇ। ਇਸ ਮੌਕੇ ਟੈਂਕਰ ਨੂੰ ਸਿੱਧਾ ਕਰਨ ਵਾਲਿਆਂ ਨੇ ਲੋਕਾਂ ਨੂੰ ਫਟਕਾਰ ਵੀ ਲਗਾਈ। ਜ਼ਿਰਕਯੋਗ ਹੈ ਕਿ ਪਿਛਲੇ ਕਈ ਮਹੀਨੇ ਪਹਿਲਾਂ ਪੰਜਾਬ ਵਿੱਚ ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਸੀ। ਜਿੱਥੇ ਸੇਬਾਂ ਦਾ ਭਰਿਆ ਇਕ ਟਰੱਕ ਪਲਟ ਗਿਆ ਸੀ। ਉਸ ਸਮੇਂ ਲੋਕਾਂ ਨੇ ਟਰੱਕ ਡਰਾਈਵਰ ਦੀ ਕੋਈ ਮਦਦ ਕਰਨ ਦੀ ਬਜਾਏ, ਸਾਰੇ ਸੇਬ ਹੀ ਲੁੱਟ ਕੇ ਆਪਣੇ ਘਰਾਂ ਨੂੰ ਲੈ ਗਏ ਸਨ। ਜਿਸ ਤੋਂ ਬਾਅਦ ਪੰਜਾਬ ਵਿੱਚ ਵੱਡੀ ਪੱਧਰ ਉਤੇ ਲੋਕਾਂ ਨੇ ਨਿੰਦਾ ਕੀਤੀ ਸੀ। ਪੁਲਿਸ ਵੱਲੋਂ ਸੇਬ ਲੈ ਕੇ ਜਾਣ ਵਾਲਿਆ ਖਿਲਾਫ ਕੇਸ ਵੀ ਦਰਜ ਕੀਤਾ ਸੀ।