ਮਾਨਸਾ, 12 ਮਾਰਚ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਅਤੇ ਉਸਨੂੰ ਇਨਸਾਫ ਦਿਵਾਉਣ ਦੀ ਮੰਗ ਨੂੰ ਲੈ ਕੇ ਜਿੱਥੇ ਉਸਦੇ ਪਿਤਾ ਬਲਕੌਰ ਸਿੰਘ, ਮਾਤਾ ਚਰਨ ਕੌਰ ਵੱਲੋਂ ਪਿਛਲੇ ਤਕਰੀਬਨ 11 ਮਹੀਨਿਆਂ ਤੋਂ ਮੰਗ ਕੀਤੀ ਜਾ ਰਹੀ ਹੈ, ਉੱਥੇ ਇਸ ਮੰਗ ਨੂੰ ਲੈ ਉਨ੍ਹਾਂ ਵੱਲੋਂ ਵਿਧਾਨ ਸਭਾ ਅੱਗੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ, ਇਸੇ ਮੰਗ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਜਦੋਂ ਵਿਧਾਨ ਸਭਾ ਵਿੱਚ ਸਿੱਧੂ ਮੂਸੇਵਾਲਾ ਦੀ ਸਕਿਊਰਿਟੀ ਬਾਰੇ ਸੋਸ਼ਲ ਮੀਡੀਆ ਪੋਸਟ ਪਾਉਣ ਵਾਲੇ ਦੇ ਖਿਲਾਫ ਕਰਵਾਈ ਦੀ ਮੰਗ ਕੀਤੀ ਗਈ ਤਾਂ ਉਸ ਸਮੇਂ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸਕਿਊਰਿਟੀ ਨੂੰ ਲੈ ਕਿ ਜਵਾਬ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੰਤਰੀ ਅਮਨ ਅਰੋੜਾ ਵੱਲੋਂ ਜੋ ਸ਼ਬਦ ਬੋਲੇ ਗਏ ਹਨ, ਉਨ੍ਹਾਂ ਨਾਲ ਉਨ੍ਹਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਜਿਸ ਤਨ ਤੇ ਲੱਗਦੀ ਹੈ, ਓਹੀ ਜਾਣਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਮਨ ਅਰੋੜਾ ਨੂੰ ਨਹੀਂ ਪਤਾ ਕਿਉਂਕਿ ਉਸ ਦੇ ਪਰਿਵਾਰਕ ਮੈਂਬਰ ਨਹੀਂ ਗਏ ਹਨ। ਸਰਕਾਰ ਦਾ ਨੁਕਸ ਛੁਪਾਉਣ ਲਈ ਮੰਤਰੀ ਅਰੋੜਾ ਉਨ੍ਹਾਂ ਚ ਨੁਕਸ ਕੱਢ ਰਹੇ ਹਨ। ਬਲਕੌਰ ਸਿੰਘ ਨੇ ਕਿਹਾ ਕਿ ਉਹ ਗਲਤੀ ਮੰਨਦੇ ਹਨ ਕਿ ਉਨ੍ਹਾਂ ਨੇ ਢਿੱਲ ਵਰਤੀ ਤੇ ਆਪਣਾ ਬੱਚਾ ਵੀ ਗਵਾ ਲਿਆ ਪਰ ਤੁਸੀਂ ਜੋ ਕੀਤਾ ਉਸ ਦੀ ਸਰਕਾਰ ਨੇ ਕੀ ਸਜ਼ਾ ਲਾਈ। ਕਿਸ ਅਧਿਕਾਰੀ ਖਿਲਾਫ ਹੋਈ ਕਾਰਵਾਈ? ਬਲਕੌਰ ਸਿੰਘ ਨੇ ਕਿਹਾ ਕਿ ਜਦੋਂ ਤੋਂ ਉਹ ਨਵਤੇਜ ਪੰਨੂ (ਆਪ) ਦੇ ਮੀਡੀਆ ਸਲਾਹਕਾਰ ਦਾ ਨਾਂ ਲੈ ਰਹੇ ਹਨ, ਪਰ ਕੋਈ ਕਾਰਵਾਈ ਨਹੀਂ ਕੀਤੀ। ਬਲਕੌਰ ਸਿੰਘ ਨੇ ਦੱਸਿਆ ਕਿ ਚੋਣਾਂ ਤੋਂ ਬਾਅਦ 9-10 ਦਿਨਾਂ ਤੱਕ ਸਿੱਧੂ ਮੂਸੇਵਾਲਾ ਦੀ ਕੋਈ ਸੁਰੱਖਿਆ ਨਹੀਂ ਸੀ, ਪਰ ਇਸ ਨੂੰ ਜਨਤਕ ਨਹੀਂ ਕੀਤਾ ਗਿਆ। ਉਦਾਹਰਣ ਵਜੋਂ 28 ਮਈ 2022 ਨੂੰ ਸੁਰੱਖਿਆ ਘਟਾ ਦਿੱਤੀ ਗਈ ਤਾਂ ਨਵਤੇਜ ਪੰਨੂ ਨੇ ਸੋਸ਼ਲ ਮੀਡੀਆ 'ਤੇ ਇਸ ਦਾ ਪ੍ਰਚਾਰ ਕੀਤਾ। ਗੈਂਗਸਟਰ ਗੋਲਡੀ ਬਰਾੜ ਨੇ ਵੀ ਇੱਕ ਇੰਟਰਵਿਊ ਵਿੱਚ ਮੰਨਿਆ ਹੈ ਕਿ ਜਿਵੇਂ ਹੀ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਈ ਗਈ, ਉਦੋਂ ਹੀ ਉਸ ਨੂੰ ਮਾਰਨ ਦੀ ਯੋਜਨਾ ਬਣਾਈ ਗਈ ਸੀ। ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਸਰਕਾਰ ਬੁਲੇਟ ਪਰੂਫ ਗੱਡੀ ਦੀ ਗੱਲ ਕਰਦੀ ਹੈ। ਕੀ ਸਰਕਾਰ ਨੇ ਇਹ ਲੈਕੇ ਦਿੱਤੀ ਸੀ ? ਮੂਸੇਵਾਲਾ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਸੀਐਮ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਇਹ ਵੀ ਕਿਹਾ ਕਿ ਵਿਦੇਸ਼ਾਂ ਤੋਂ ਲਿਆਉਣ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਦੇਰੀ ਹੋ ਸਕਦੀ ਹੈ, ਪਰ ਨੇੜੇ ਬੈਠੇ ਨੂੰ ਗ੍ਰਿਫ਼ਤਾਰ ਕਰੋ।