- ਡੇਂਗੂ ਅਤੇ ਮਲੇਰੀਆ ਤੋਂ ਬਚਣ ਲਈ ਘਰਾਂ ਅਤੇ ਘਰਾਂ ਦੇ ਆਲੇ ਦੁਆਲੇ ਪਾਣੀ ਨਾ ਖੜ੍ਹਾ ਹੋਣ ਦਿੱਤਾ ਜਾਵੇ:ਡਾ.ਨਵਜੋਤ ਕੌਰ ਸਿਵਲ ਸਰਜਨ
ਸ੍ਰੀ ਮੁਕਤਸਰ ਸਾਹਿਬ, 13 ਅਗਸਤ 2024 : ਸਿਹਤ ਵਿਭਾਗ ਵੱਲੋਂ ਡਾ. ਨਵਜੋਤ ਕੌਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿਚ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਵਿਚ ਡੇਂਗੂ ਅਤੇ ਮਲੇਰੀਆ ਦੇ ਫੈਲਣ ਤੋਂ ਬਚਾਅ ਲਈ ਗਤੀਵਿਧੀਆਂ ਕਰਨ ਲਈ ਟੀਮਾਂ ਬਣਾਈਆਂ ਗਈਆਂ ਹਨ। ਜੋ ਕਿ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਵਿਚ ਘਰ ਘਰ ਜਾ ਕੇ ਡੇਂਗੂ ਅਤੇ ਮਲੇਰੀਆ ਦੇ ਫੈਲਣ ਤੋਂ ਬਚਾਅ ਸਬੰਧੀ ਗਤੀਵਿਧੀਆਂ ਕਰ ਰਹੀਆਂ ਹਨ ਅਤੇ ਲੋਕਾਂ ਨੂੰ ਜਾਗਰੁਕ ਕਰਨ ਲਈ ਪੈਫਲਿਟ ਵੰਡੇ ਜਾ ਰਹੇ ਹਨ। ਇਸ ਸਬੰਧ ਵਿਚ ਡਾ. ਨਵਜੋਤ ਕੌਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾ ਵਲੋਂ ਅੱਜ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਅਤੇ ਥਾਂਦੇਵਾਲਾ ਰੋਡ ਦੇ ਏਰੀਏ ਵਿਚ ਜਾ ਕੇ ਲੋਕਾਂ ਨੂੰ ਘਰਾਂ ਵਿਚ ਅਤੇ ਘਰਾਂ ਦੇ ਆਸ ਪਾਸ ਪਾਣੀ ਜਮ੍ਹਾ ਨਾ ਹੋਣ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਖੜੇ ਪਾਣੀ ਵਿੱਚ ਲਾਰਵਾ ਵਿਰੋਧੀ ਸਪਰੇਅ ਕੀਤੀ ਗਈ ਅਤੇ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਪ੍ਰਤੀ ਜਾਣਕਾਰੀ ਦੇਣ ਲਈ ਜਾਗਰੁਕਤਾ ਪੈਂਫਲਿਟ ਵੰਡੇ ਜਾ ਰਹੇ ਹਨ । ਘਰਾਂ ਵਿੱਚ ਅਤੇ ਜਨਤਕ ਥਾਵਾਂ ਤੇ ਖੜੇ ਪਾਣੀ ਵਿੱਚ ਪੈਦਾ ਹੋ ਰਹੇ ਮੱਛਰਾਂ ਦੇ ਲਾਰਵੇ ਨੂੰ ਮੌਕੇ ਤੇ ਨਸ਼ਟ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਲੇਰੀਆ ਅਤੇ ਡੇਂਗੂ ਦੀ ਬੀਮਾਰੀ ਤੋਂ ਬਚਣ ਲਈ ਕੁਝ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ। ਡੇਂਗੂ ਬੁਖਾਰ ਏਡੀਜ਼ ਅਜੈਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਮੱਛਰ ਪੈਦਾ ਹੋਣ ਵਾਲੇ ਸੋਮਿਆਂ ਨੂੰ ਨਸ਼ਟ ਕਰਨਾ ਚਾਹੀਦਾ ਹੈ। ਘਰਾਂ ਵਿੱਚ ਵਾਧੂ ਬਰਤਨ ਜਿਵੇਂ ਟਾਇਰ, ਟੁੱਟੇ ਘੜੇ ਅਤੇ ਗਮਲੇ ਆਦਿ ਵਿੱਚ ਪਾਣੀ ਖੜਣ ਨਹੀਂ ਦੇਣਾ ਚਾਹੀਦਾ। ਮੱਛਰਦਾਨੀਆਂ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਵਰਤੋਂ ਕਰੋ, ਸਾਰੇ ਸਰੀਰ ਨੂੰ ਢੱਕਦੇ ਕੱਪੜੇ ਪਾਓ, ਘਰਾਂ ਦੇ ਆਲੇ ਦੁਆਲੇ ਪਾਣੀ ਨਾ ਖੜ੍ਹਾ ਹੋਣ ਦਿਓ, ਘਰ ਵਿੱਚ ਪਾਣੀ ਵਾਲੀਆਂ ਟੈਂਕੀਆਂ ਨੂੰ ਢੱਕ ਕੇ ਰੱਖੋ। ਇਸ ਮੌਕੇ ਡਾ. ਹਰਕੀਰਤਨ ਸਿੰਘ ਜਿਲ੍ਹਾ ਐਪੀਡੀਮੋਲੋਜਿਸਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਇਸ ਸਬੰਧੀ ਕੋਈ ਲੱਛਣ ਜਿਵੇਂ ਤੇਜ ਬੁਖਾਰ ਹੋਣਾ, ਸਿਰ ਦਰਦ, ਅੱਖਾਂ, ਜੋੜਾਂ ਅਤੇ ਸਰੀਰ ਵਿੱਚ ਦਰਦ, ਭੁੱਖ ਘੱਟ ਲੱਗਣਾ ਆਦਿ ਲੱਛਣ ਆਉਣ ਤਾਂ ਨੇੜੇ ਦੇ ਸਿਵਲ ਹਸਪਤਾਲ ਵਿਚ ਜਾ ਕੇ ਮਾਹਿਰ ਡਾਕਟਰ ਨਾਲ ਸੰਪਰਕ ਕੀਤਾ ਜਾਵੇ ਅਤੇ ਡੇਂਗੂ ਦਾ ਟੈਸਟ ਜਰੂਰ ਕਰਵਾਇਆ ਜਾਵੇ ਅਤੇ ਡੇਂਗੂ ਪਾਜੇਟਿਵ ਆਉਣ ਦੀ ਸੂਰਤ ਵਿੱਚ ਮਾਹਿਰ ਡਾਕਟਰ ਤੋਂ ਸੰਪੂਰਨ ਇਲਾਜ ਕਰਵਾਇਆ ਜਾਵੇ। ਸਾਰੇ ਸਿਵਲ ਹਸਪਤਾਲਾਂ ਵਿਚ ਡੇਂਗੂ ਅਤੇ ਮਲੇਰੀਆ ਦਾ ਟੈਸਟ ਅਤੇ ਇਲਾਜ ਮੁਫਤ ਉਪਲੱਬਧ ਹਨ। ਇਸ ਮੌਕੇ ਭਗਵਾਨ ਦਾਸ, ਲਾਲ ਚੰਦ ਜਿਲ੍ਹਾ ਸਿਹਤ ਇੰਸਪੈਕਟਰ, ਹੈਲਥ ਵਰਕਰ ਸ਼ਿਵਰਾਜ ਸਿੰਘ, ਸੱਤਪਾਲ , ਮਨੀਸ਼ ਕੁਮਾਰ ਅਤੇ ਬ੍ਰੀਡਿੰਗ ਚੈਕਰ ਹਾਜ਼ਰ ਸਨ।