ਮਾਤਾ ਗੁਜਰੀ ਕਾਲਜ ਦੇ ਮੈਨੇਜਮੈਂਟ ਸਟੱਡੀਜ਼ ਵਿਭਾਗ ਵੱਲੋਂ ਗੈਸਟ ਲੈਕਚਰ

ਸ੍ਰੀ ਫ਼ਤਹਿਗੜ੍ਹ ਸਾਹਿਬ, 5 ਫਰਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਮਾਤਾ ਗੁਜਰੀ ਕਾਲਜ ਦੇ ਮੈਨੇਜਮੈਂਟ ਸਟੱਡੀਜ਼ ਵਿਭਾਗ ਵੱਲੋਂ ਬੈਂਕਿੰਗ, ਵਿੱਤੀ ਸੇਵਾਵਾਂ ਅਤੇ ਬੀਮਾ ਬੀ.ਐਫ.ਐਸ.ਆਈ. ਸੈਕਟਰ ਵਿੱਚ 'ਫਿਊਚਰ ਸਕਿੱਲ ਪਰਸਪੈਕਟੀਵ' ਵਿਸ਼ੇ 'ਤੇ ਗੈਸਟ ਲੈਕਚਰ ਕਰਵਾਇਆ ਗਿਆ ਜਿਸ ਵਿੱਚ ਬਜਾਜ ਫਿਨਜ਼ਰਵ ਦੇ ਉਦਯੋਗ ਮਾਹਿਰ ਸ੍ਰ. ਕੰਵਲਜੀਤ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਇਸ ਲੈਕਚਰ ਦਾ ਮੁੱਖ ਉਦੇਸ਼ ਬੈਂਕਿੰਗ, ਵਿੱਤ ਅਤੇ ਬੀਮਾ ਕੰਪਨੀਆਂ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਵਿਹਾਰਕ ਗਿਆਨ ਅਤੇ ਜ਼ਰੂਰੀ ਹੁਨਰ ਪ੍ਰਦਾਨ ਕਰਨਾ ਸੀ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਹੈ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੈਨੇਜਮੈਂਟ ਸਟੱਡੀਜ਼ ਵਿਭਾਗ ਦੇ ਮੁਖੀ ਡਾ. ਕਮਲਪ੍ਰੀਤ ਕੌਰ ਨੇ ਵਿਦਿਆਰਥੀਆਂ ਦੀ ਨਵੀਨਤਾ, ਪੇਸ਼ਕਾਰੀ ਅਤੇ ਸੰਚਾਰ ਦੇ ਹੁਨਰ ਨੂੰ ਵਿਕਸਤ ਕਰਨ ਲਈ ਅਜਿਹੇ ਸਮਾਗਮਾਂ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਵਿਦਿਆਰਥੀਆਂ ਨੂੰ ਅੱਗੇ ਤੋਂ ਵੀ ਅਜਿਹੇ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਮੁੱਖ ਮਹਿਮਾਨ ਸ੍ਰ. ਕੰਵਲਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਈ ਅਹਿਮ ਮੁੱਦਿਆਂ ਜਿਵੇਂ ਟੀਚਾ ਨਿਰਧਾਰਨ, ਸੰਚਾਰ ਹੁਨਰ, ਸ਼ਖ਼ਸੀਅਤ ਵਿਕਾਸ, ਇੰਟਰਵਿਊ ਦੇ ਹੁਨਰ, ਬੈਂਕਿੰਗ, ਵਿੱਤੀ ਜ਼ੋਖਮ ਪ੍ਰਬੰਧਨ, ਨਿਵੇਸ਼ ਰਣਨੀਤੀਆਂ ਅਤੇ ਬੀ.ਐਸ.ਐਫ਼.ਆਈ. ਵਿੱਚ ਕਰੀਅਰ ਦੇ ਵਾਧੇ 'ਤੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਪਲੇਸਮੈਂਟ ਅਫ਼ਸਰ ਡਾ. ਸੌਰਵ ਸ਼ਰਮਾ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਵਿਦਿਆਰਥੀਆਂ ਦੇ ਵਿਹਾਰਕ ਗਿਆਨ ਅਤੇ ਹੁਨਰ ਨੂੰ ਵਧਾਉਣ ਲਈ ਅਜਿਹੀ ਪ੍ਰੈਕਟੀਕਲ ਸਿਖਲਾਈ ਦੀ ਭੂਮਿਕਾ 'ਤੇ ਜ਼ੋਰ ਦਿੱਤਾ। ਇਸ ਮੌਕੇ ਵਿਭਾਗ ਦੇ ਡਾ. ਸ਼ਿਵਾਨੀ, ਪ੍ਰੋ. ਰਤਨੇਸ਼ਪਾਲ ਸਿੰਘ, ਡਾ. ਜਸ਼ਨਜੀਤ ਕੌਰ, ਡਾ. ਨੀਤਿਕਾ ਅਤੇ ਵਿਦਿਆਰਥੀ ਹਾਜ਼ਰ ਸਨ।