- ਰਾਜਪਾਲ ਦੀ ਸੁਰੱਖਿਆ ’ਚ ਕੁਤਾਹੀ ਲਈ ਜ਼ਿੰਮੇਵਾਰ ਅਨਸਰਾਂ ਖਿਲਾਫ ਕਾਰਵਾਈ ਹੋਵੇ
- ਪੁੱਛਿਆ ਕਿ ਕੇਂਦਰ ਖਿਲਾਫ ਵਿਰੋਧੀ ਧਿਰਾਂ ਨੂੰ ਇਕੱਠਾ ਕਰਨ ਵਿਚ ਲੱਗੇ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਪੰਜਾਬ ’ਚ ਵਿਰੋਧੀਆਂ ਦੇ ਇਕੱਠੇ ਹੋਣ ’ਤੇ ਇਤਰਾਜ਼ ਕਿਉਂ ?
ਪਟਿਆਲਾ, 8 ਜੂਨ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਦੀ ਅਸ਼ਲੀਲ ਵੀਡੀਓ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਨੂੰ ਐਫ ਆਈ ਆਰ ਦਰਜ ਕਰਕੇ ਕਾਰਵਾਈ ਕਰਨ ਦੀ ਹਦਾਇਤ ਕਰਨ। ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਆਪ ਚੰਡੀਗੜ੍ਹ ਦੇ ਪ੍ਰਸ਼ਾਸਕ ਹਨ। ਉਹਨਾਂ ਕਿਹਾ ਕਿ ਅਸ਼ਲੀਲ ਵੀਡੀਓ ਦੀ ਫੋਰੈਂਸਿਕ ਜਾਂਚ ਵੀ ਉਹਨਾਂ ਚੰਡੀਗੜ੍ਹ ਪੁਲਿਸ ਕੋਲੋਂ ਕਰਵਾਈ ਹੈ। ਉਹਨਾਂ ਕਿਹਾ ਕਿ ਜਦੋਂ ਉਹਨਾਂ ਦੇ ਜਨਤਕ ਤੌਰ ’ਤੇ ਮੁੱਖ ਮੰਤਰੀ ਨੂੰ ਮੰਤਰੀ ਕਟਾਰੂਚੱਕ ਖਿਲਾਫ ਕਾਰਵਾਈ ਕਰਨ ਵਾਸਤੇ ਕਹਿਣ ਦੇ ਬਾਵਜੂਦ ਮੁੱਖ ਮੰਤਰੀ ਕਾਰਵਾਈ ਨਹੀਂ ਕਰ ਰਹੇ ਤਾਂ ਫਿਰ ਰਾਜਪਾਲ ਨੂੰ ਆਪ ਚੰਡੀਗੜ੍ਹ ਪੁਲਿਸ ਨੂੰ ਕਾਰਵਾਈ ਲਈ ਹਦਾਇਤ ਕਰਨੀ ਚਾਹੀਦੀ ਹੈ। ਰਾਜਪਾਲ ਦੇ ਅੱਜ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਵੇਲੇ ਉਹਨਾਂ ਦੀ ਸੁਰੱਖਿਆ ਵਿਚ ਕੁਤਾਹੀ ਹੋਣ ਬਾਰੇ ਸਵਾਲ ਦੇ ਜਵਾਬ ਵਿਚ ਸਰਦਾਰ ਮਜੀਠੀਆ ਨੇ ਕਿਹਾ ਕਿ ਜੇਕਰ ਉਚ ਸੁਰੱਖਿਆ ਵਾਲੀਆਂ ਜੇਲ੍ਹਾਂ ਵਿਚੋਂ ਗੈਂਗਸਟਰ ਲਾਰੰਸ ਬਿਸ਼ਨੋਈ ਦੀ ਇੰਟਰਵਿਊ ਹੋ ਸਕਦੀ ਹੈ ਅਤੇ ਇਹਨਾਂ ਜੇਲ੍ਹਾਂ ਵਿਚ ਕਤਲ ਹੋ ਸਕਦੇ ਹਨ ਤਾਂ ਫਿਰ ਰਾਜਪਾਲ ਦੀ ਸੁਰੱਖਿਆ ਵਿਚ ਕੁਤਾਹੀ ਕੋਈ ਵੱਡੀ ਗੱਲ ਨਹੀਂ ਹੈ। ਉਹਨਾਂ ਇਹ ਵੀ ਮੰਗ ਕੀਤੀ ਕਿ ਸੁਰੱਖਿਆ ਵਿਚ ਕੁਤਾਹੀ ਲਈ ਜ਼ਿੰਮੇਵਾਰ ਅਨਸਰਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਸਵਾਲਾਂ ਦੇ ਜਵਾਬ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਦੇ ਖਿਲਾਫ ਦੇਸ਼ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਇਕਜੁੱਟ ਕਰਨ ਦੀ ਮੁਹਿੰਮ ਵਿਚ ਲੱਗੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਪੰਜਾਬ ਵਿਚ ਵਿਰੋਧੀ ਧਿਰਾਂ ਦੇ ਇਕੱਠਾ ਹੋਣ ’ਤੇ ਇਤਰਾਜ਼ ਕਿਉਂ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਵਿਰੋਧੀ ਧਿਰਾਂ ਦੇ ਇਕੱਠੇ ਹੋਣ ਅਤੇ ਇਕ ’ਜੱਫੀ’ ਨੇ ਸਾਰੀ ਆਪ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਹਨਾਂ ਇਹਵੀ ਕਿਹਾ ਕਿ ਜਦੋਂ ਉਹਨਾਂ ਵੱਲੋਂ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਹੱਥ ਵਧਾਇਆ ਹੈ ਤਾਂ ਉਹਨਾਂ ਵੀ ਅੱਗੇ ਹੋ ਕੇ ਹੱਥ ਮਿਲਾ ਲਿਆ। ਉਹਨਾਂ ਕਿਹਾ ਕਿ ਉਹ ਰੱਬ ਦੀ ਰਜ਼ਾ ਵਿਚ ਰਹਿਣ ਵਾਲੇ ਵਿਅਕਤੀ ਹਨ ਜੋ ਅਕਾਲ ਪੁਰਖ ਨੂੰ ਮਨਜ਼ੂਰ, ਉਸ ਵਿਚ ਰਾਜ਼ੀ ਹਨ। ਉਹਨਾਂ ਨੇ ਮੁੱਖ ਮੰਤਰੀ ਵੱਲੋਂ ਬੀਤੇ ਕੱਲ੍ਹ ਕੀਤੀਆਂ ਟਿੱਪਣੀਆਂ ਬਾਰੇ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਉਹ ਸਮਝਦੇ ਹਨ ਕਿ ਜੋ ਵਿਅਕਤੀ ਇਸ ਦੁਨੀਆਂ ਵਿਚ ਹੀ ਨਹੀਂ ਹੈ, ਉਸ ਬਾਰੇ ਟਿੱਪਣੀ ਕਰਨੀ ਕਿਸੇ ਪੱਖੋਂ ਵਾਜਬ ਨਹੀਂ। ਉਹਨਾਂ ਕਿਹਾ ਕਿ ਮੁੱਖ ਮੰਤਰੀ ਗਏ ਤਾਂ ਸੀ ਹਸਪਤਾਲ ਦਾ ਉਦਘਾਟਨ ਕਰਨ ਪਰ ਜਿਸ ਤਰੀਕੇ ਕੱਲ੍ਹ ਪੇਸ਼ ਆਏ ਉਸ ਤੋਂ ਸਪਸ਼ਟ ਹੈ ਕਿ ਉਹਨਾਂ ਦਾ ਦਿਮਾਗ ਖੋਖਲਾ ਹੋਇਆ ਪਿਆ, ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦਾ ਭਵਿੱਖ ਕੀ ਹੈ। ਉਹਨਾਂ ਇਹ ਵੀ ਕਿਹਾ ਕਿ ਆਪ ਸਰਕਾਰ ਦੇ ਮੰਤਰੀ ਵਿਰੋਧੀ ਧਿਰ ਦੇ ਆਗੂ ਸਰਦਾਰ ਪ੍ਰਤਾਪ ਬਾਜਵਾ ’ਤੇ ਟਿੱਪਣੀਆਂ ਤਾਂ ਕਰਦੇ ਹਨ ਪਰ ਮੰਤਰੀ ਕਟਾਰੂਚੱਕ ਹੱਥੋਂ ਸੋਸ਼ਣ ਦਾ ਸ਼ਿਕਾਰ ਹੋਏ ਕੇਸ਼ਵ ਦੇ ਮਾਮਲੇ ਵਿਚ ਕੁਝ ਨਹੀਂ ਬੋਲਦੇ। ਰਾਜੋਆਣਾ ਬਾਰੇ ਸਵਾਲ ਦੇ ਜਵਾਬ ਵਿਚ ਅਕਾਲੀ ਆਗੂ ਨੇ ਕਿਹਾ ਕਿ ਭਾਈਬਲਵੰਤ ਸਿੰਘ ਰਾਜੋਆਣਾ 27 ਸਾਲਾਂ ਤੋਂ ਜੇਲ੍ਹ ਵਿਚ ਬੰਦ ਹਨ, ਜੋ ਮਨੁੱਖੀ ਅਧਿਕਾਰਾਂ ਦਾ ਘਾਣ ਹੈ। ਉਹਨਾਂ ਕਿਹਾ ਕਿ ਫਾਂਸੀ ਦੀ ਚੱਕੀ ਵਿਚ ਉਹਨਾਂ ਨੂੰ ਰੱਖਿਆ ਹੈ, ਜੇਕਰ ਕਿਸੇ ਹੋਰ ਨੂੰ ਰੱਖਿਆਹੁੰਦਾ ਤਾਂ ਹੁਣ ਤੱਕ ਬਚਣਾ ਨਹੀਂ ਸੀਪਰ ਉਹਨਾਂ ’ਤੇ ਗੁਰੂ ਸਾਹਿਬ ਦੀਰਹਿਮਤ ਹੈ, ਉਹ ਨਾਮ ਜਪਦੇ ਹਨ ਤੇ ਤੰਦਰੁਸਤ ਹਨ। ਉਹਨਾਂ ਕਿਹਾ ਕਿ ਉਮਰ ਕੈਦ 14 ਸਾਲ ਦੀ ਹੁੰਦੀ ਹੈ। ਉਹਨਾਂ ਕਿਹਾ ਕਿ ਜੇਕਰ ਬਿਲਕਿਸ ਬਾਨੋ ਦੇ ਦੋਸ਼ੀ ਰਿਹਾਅ ਹੋ ਸਕਦੇ ਹਨ, ਰਾਜੀਵ ਗਾਂਧੀ ਦੇ ਕਾਤਲ ਰਿਹਾ ਹੋ ਸਕਦੇ ਹਨ ਤਾਂ ਫਿਰ ਪੰਜਾਬੀਆਂ ਤੇ ਸਿੱਖਾਂ ਵਾਸਤੇ ਦੋਹਰੇ ਮਾਪਦੰਡ ਨਹੀਂ ਹੋਣੇ ਚਾਹੀਦੇ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਖੁਦ ਆਪ ਡੇਰਾ ਬਾਬਾ ਨਾਨਕ ਵਿਖੇ ਆ ਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਸੀ। ਨਿਗਮ ਨਿਗਮ ਚੋਣਾਂ ਬਾਰੇ ਉਹਨਾਂ ਕਿਹਾ ਕਿ ਇਹ ਚੋਣਾਂ ਡੰਡਾ ਤੰਤਰ ਨਾਲ ਹੀ ਸਰਕਾਰ ਲੜੇਗੀ ਜਿਵੇਂ ਜਲੰਧਰ ਵਿਚ ਹੋਇਆ ਹੈ। ਇਕ ਹੋਰ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੇ ਆਗੂ ਮੁੱਖ ਮੰਤਰੀ ਦੇ ਅਹੁਦੇ ਦੇ ਮਾਣ ਸਤਿਕਾਰ ਦੀ ਗੱਲ ਕਰਦੇ ਹਨ ਪਰ ਉਹ ਆਪ ਭੁੱਲ ਗਏ ਹਨ ਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਾਂ ਆਪ ਆਗੂ ਉਹਨਾਂ ਪ੍ਰਤੀ ਕਿਹੋ ਜਿਹੀ ਭਾਸ਼ਾ ਵਰਤਦੇ ਸਨ।