- ਪਰਾਲੀ ਭੰਡਾਰ ਲਈ ਲੈਂਡ ਬੈਂਕ ਸਥਾਪਿਤ—ਡਿਪਟੀ ਕਮਿਸ਼ਨਰ
- ਬਾਗਬਾਨੀ ਵਿਭਾਗ ਨੂੰ ਪਿੰਡਾਂ ਵਿਚ ਕੈਂਪ ਲਗਾਉਣ ਦੀ ਹਦਾਇਤ
ਫਾਜਿ਼ਲਕਾ, 22 ਸਤੰਬਰ : ਫਾਜਿ਼ਲਕਾ ਜਿ਼ਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਨੂੰ ਨਾ ਸਾੜਨ ਲਈ ਪ੍ਰੇਰਿਤ ਕਰਨ ਲਈ ਜਿ਼ਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਕਿਸਾਨਾਂ ਨੂੰ ਫੋਨ ਕਰਕੇ ਪਰਾਲੀ ਨਾ ਸਾੜਨ ਦੀ ਅਪੀਲ ਕਰਣਗੇ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦਿੱਤੀ ਹੈ। ਉਨ੍ਹਾਂ ਨੇ ਸਮਾਜ ਦੇ ਹੋਰ ਪਤਵੰਤੇ ਲੋਕਾਂ ਅਤੇ ਉਨ੍ਹਾਂ ਕਿਸਾਨਾਂ ਨੂੰ ਵੀ ਅਜਿਹਾ ਕਰਨ ਦੀ ਅਪੀਲ ਕੀਤੀ ਹੈ ਜ਼ੋ ਪਿੱਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾ ਰਹੇ ਹਨ, ਕਿ ਉਹ ਆਪਣੇ ਤਜਰਬੇ ਹੋਰਨਾਂ ਕਿਸਾਨਾਂ ਨਾਲ ਸਾਂਝੇ ਕਰਨ ਕਿ ਕਿਸ ਤਰਾਂ ਉਹ ਬਿਨ੍ਹਾਂ ਪਰਾਲੀ ਸਾੜੇ ਕਣਕ ਦੀ ਬਿਜਾਈ ਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਜਿ਼ਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਾਤਾਵਰਨ ਸੁਰੱਖਿਆ ਅਤੇ ਸਾਡੀਆਂ ਜਮੀਨਾਂ ਦੀ ਸਿਹਤ ਸੰਭਾਲ ਲਈ ਅੱਗ ਲਗਾਉਣ ਤੋਂ ਗੁਰੇਜ਼ ਕਰਨ। ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਗਊਸਾਲਾਵਾਂ ਆਦਿ ਲਈ ਪਰਾਲੀ ਸਟੋਰ ਕਰਨ ਲਈ ਲੈਂਡ ਬੈਂਕ ਬਣਾਏ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗਊ ਸਾ਼ਲਾਵਾਂ ਵਿਚ ਪਰਾਲੀ ਨੂੰ ਚਾਰੇ ਵਜੋਂ ਵਰਤਿਆਂ ਜਾਂਦਾ ਹੈ ਗਉਸਾਲਾਵਾਂ ਕੋਲ ਪਰਾਲੀ ਭੰਡਾਰ ਕਰਨ ਲਈ ਥਾਂ ਦੀ ਘਾਟ ਦੇ ਮੱਦੇਨਜਰ ਇਹ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਖੇਤੀਬਾੜੀ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਇਸ ਸਬੰਧੀ ਗਉਸਾ਼ਲਾਵਾਂ ਅਤੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾਵੇ। ਕਿਸਾਨ ਵੀ ਇਸ ਲੈਂਡ ਬੈਂਕ ਵਿਚ ਆਪਣੀ ਪਰਾਲੀ ਭੰਡਾਰ ਕਰ ਸਕਦੇ ਹਨ ਜਾਂ ਇੱਥੇ ਛੱਡ ਕੇ ਜਾ ਸਕਦੇ ਹਨ। ਇਸੇ ਤਰਾਂ ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਪਰਾਲੀ ਦੀ ਬਾਗਾਂ ਵਿਚ ਮਲਚਿੰਗ ਵਿਚ ਵਰਤੋਂ ਸਬੰਧੀ ਬਾਗਬਾਨਾਂ ਨੂੰ ਜਾਗਰੂਕ ਕਰਨ ਲਈ ਸਾਂਝੇ ਤੌਰ ਤੇ ਪਿੰਡਾਂ ਵਿਚ ਜਿਆਦਾ ਤੋਂ ਜਿਆਦਾ ਕੈਂਪ ਲਗਾਏ ਜਾਣ। ਉਨ੍ਹਾਂ ਨੇ ਕਿਹਾ ਕਿ ਜਿਹੜੀਆਂ ਪੰਚਾਇਤਾਂ ਪਿੰਡਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣਗੀਆਂ ਉਨ੍ਹਾਂ ਪਿੰਡਾਂ ਵਿਚ ਮਗਨਰੇਗਾ ਸਕੀਮ ਤਹਿਤ ਵੱਧ ਤੋਂ ਵੱਧ ਕੰਮ ਕਰਵਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਰਸਦ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਡਿਪੂ ਹੋਲਡਰਾਂ ਅਤੇ ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਨੂੰ ਵੀ ਜਾਗਰੂਕ ਕਰੇ ਕਿ ਕੋਈ ਵੀ ਪਰਾਲੀ ਨੂੰ ਅੱਗ ਨਾ ਲਗਾਏ। ਡਿਪਟੀ ਕਮਿਸ਼ਨਰ ਵੱਲੋਂ ਪਟਵਾਰੀਆਂ ਨਾਲ ਵੀ ਬੈਠਕ ਕਰਕੇ ਉਨ੍ਹਾਂ ਨੂੰ ਪਰਾਲੀ ਦੀ ਸੁਚੱਜੀ ਸੰਭਾਲ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਹਦਾਇਤ ਕੀਤੀ। ਬੈਠਕ ਵਿਚ ਐਸਪੀ ਸ੍ਰੀ ਮੋਹਨ ਲਾਲ, ਐਸਡੀਐਮ ਸ੍ਰੀ ਰਵਿੰਦਰ ਸਿੰਘ ਅਰੋੜਾ, ਡੀਡੀਪੀਓ ਸ੍ਰੀ ਸੰਜੀਵ ਸ਼ਰਮਾ, ਡੀਐਫਐਸਸੀ ਸ੍ਰੀ ਹਿਮਾਂਸੂ ਕੁੱਕੜ, ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਗੁਰਮੀਤ ਸਿੰਘ ਚੀਮਾ, ਕਾਰਜਕਾਰੀ ਇੰਜਨੀਅਰ ਪੰਜਾਬ ਪ੍ਰਦੁ਼ਸਣ ਕੰਟਰੋਲ ਬੋਰਡ ਸ੍ਰੀ ਦਲਜੀਤ ਸਿੰਘ ਵੀ ਹਾਜਰ ਸਨ।