ਪੀਜੀਆਈ ਦੇ ਮਿਆਰ ਦਾ ਬਣੇਗਾ ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਮੈਡੀਕਲ ਅਧਿਆਪਕਾਂ ਨੂੰ ਕਰਵਾਈ ਜਾਵੇਗੀ ਨਵੀਨਤਮ ਟ੍ਰੇਨਿੰਗ : ਡਾ. ਬਲਬੀਰ ਸਿੰਘ

  • ਡਾ. ਬਲਬੀਰ ਸਿੰਘ ਵੱਲੋਂ ਮੈਡੀਕਲ ਸਿੱਖਿਆ 'ਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਲਈ ਮੈਡੀਕਲ ਕਾਲਜ ਦੇ ਸਾਰੇ ਵਿਭਾਗਾਂ ਨੂੰ ਵਿਜ਼ਨ ਦਸਤਾਵੇਜ ਤਿਆਰ ਕਰਨ ਦੇ ਨਿਰਦੇਸ਼
  • ਮੈਡੀਕਲ ਸਿੱਖਿਆ ਮੰਤਰੀ ਨੇ ਮੈਡੀਕਲ ਕਾਲਜ ਤੇ ਰਾਜਿੰਦਰਾ ਹਸਪਤਾਲ ਦੇ ਸਾਰੇ ਵਿਭਾਗਾਂ ਦਾ ਦੌਰਾ ਕਰਕੇ ਜਾਣੀਆਂ ਜਮੀਨੀ ਪੱਧਰ ਦੀਆਂ ਹਕੀਕਤਾਂ
  • 'ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਲੋਕਾਂ ਨੂੰ ਪ੍ਰਦਾਨ ਕੀਤੀਆਂ ਮਿਆਰੀ ਸਿਹਤ ਸੇਵਾਵਾਂ'

ਪਟਿਆਲਾ, 9 ਅਕਤੂਬਰ 2024 : ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਮੈਡੀਕਲ ਸਿੱਖਿਆ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਦੀ ਸ਼ੁਰੂਆਤ ਕੀਤੀ ਹੈ। ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਤੇ ਰਾਜਿੰਦਰਾ ਹਸਪਤਾਲ ਦੇ ਸਾਰੇ ਵਿਭਾਗਾਂ ਦਾ ਅਚਨਚੇਤ ਦੌਰਾ ਕਰਕੇ ਵਿਭਾਗਾਂ ਦੀਆਂ ਜ਼ਮੀਨੀ ਪੱਧਰ 'ਤੇ ਹਕੀਕਤਾਂ ਜਾਣੀਆਂ ਤੇ ਸਮੂਹ ਵਿਭਾਗੀ ਮੁਖੀਆਂ ਨੂੰ ਵਿਜ਼ਨ ਦਸਤਾਵੇਜ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਤਾਂ ਕਿ ਇਸ ਵਿਜ਼ਨ ਦਸਤਾਵੇਜ ਮੁਤਾਬਕ ਸਾਰੇ ਵਿਭਾਗਾਂ ਦੀ ਕਾਇਆਂ ਕਲਮ ਕੀਤੀ ਜਾਵੇ। ਮੈਡੀਕਲ ਸਿੱਖਿਆ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਨਿਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਰਾਜ 'ਚ ਆਮ ਆਦਮੀ ਕਲੀਨਿਕ ਪੰਜਾਬੀਆਂ ਨੂੰ ਲੱਗੇ ਰੋਗਾਂ ਦੀ ਜੜ੍ਹ ਫ਼ੜਨ ਦਾ ਕੰਮ ਕਰ ਰਹੇ ਹਨ, ਇਸ ਲਈ ਹੁਣ ਮੈਡੀਕਲ ਸਿੱਖਿਆ ਵਿਭਾਗ ਦੀ ਕਾਇਆਂ ਕਲਪ ਕਰਕੇ ਇਸਦੇ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਨੂੰ ਪੀ.ਜੀ.ਆਈ. ਦੇ ਮਿਆਰ ਦੀਆਂ ਸੰਸਥਾਵਾਂ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਡਾ. ਬਲਬੀਰ ਸਿੰਘ ਨੇ ਫਾਰੈਂਸਿਕ ਮੈਡੀਸਨ, ਪੈਥਾਲੋਜੀ, ਮਾਈਕਰੋਬਾਇਲੋਜੀ, ਫਾਰਮਾਕੋਲੋਜੀ, ਫ਼ਿਜ਼ਿਓਲੋਜੀ, ਅਨਾਟਮੀ, ਬਾਇਉਕੈਮਿਸਟਰੀ, ਕਮਿਉਨਿਟੀ ਮੈਡੀਸਨ, ਪੀਡੀਆਟ੍ਰਿਕਸ, ਗਾਇਨੀ, ਸੁਪਰਸਪੈਸ਼ਲਿਟੀ ਵਿੰਗ 'ਚ ਦਿਲ, ਸੀ.ਟੀ.ਵੀ.ਐਸ., ਨਿਉਰੋਲੋਜੀ ਤੇ ਯੁਰੋਲੋਜੀ ਸਮੇਤ ਹੋਰ ਵਿਭਾਗਾਂ ਦਾ ਦੌਰਾ ਕੀਤਾ। ਸਿਹਤ ਮੰਤਰੀ ਨੇ ਆਦੇਸ਼ ਦਿੱਤੇ ਕਿ ਰਾਜਿੰਦਰਾ ਹਸਪਤਾਲ ਵਿੱਚੋਂ ਮਰੀਜਾਂ ਦੇ ਟੈਸਟ ਕਿਸੇ ਬਾਹਰਲੀ ਲੈਬਾਰਟਰੀ 'ਚ ਨਹੀਂ ਜਾਣੇ ਚਾਹੀਦੇ ਅਤੇ ਨਾ ਹੀ ਕੋਈ ਦਵਾਈ ਬਾਹਰੋਂ ਲੈਣ ਲਈ ਲਿਖਿਆ ਜਾਵੇ। ਮੈਡੀਕਲ ਸਿੱਖਿਆ ਮੰਤਰੀ ਨੇ ਮੈਡੀਕਲ ਕਾਲਜ 'ਚ ਪੀ.ਜੀ.ਆਈ. ਦੀ ਤਰਜ 'ਤੇ ਹੋਰ ਨਵੇਂ ਕੋਰਸ ਸ਼ੁਰੂ ਕਰਨ ਤੇ ਫੈਕਲਟੀ ਤੇ ਖੋਜ਼ਾਰਥੀ ਡਾਕਟਰਾਂ ਵੱਲੋਂ ਸਮਾਜ ਦੀ ਭਲਾਈ ਲਈ ਖੋਜ਼ ਕਾਰਜ ਕਰਨ 'ਤੇ ਜ਼ੋਰ ਦਿੱਤਾ। ਡਾ. ਬਲਬੀਰ ਸਿੰਘ ਨੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਤੇ ਮੈਡੀਕਲ ਸੁਪਰਡੈਂਟ ਡਾ. ਗਿਰੀਸ਼ ਸਾਹਨੀ ਸਮੇਤ ਹੋਰ ਵਿਭਾਗੀ ਮੁਖੀਆਂ ਨੂੰ ਨਿਰਦੇਸ਼ ਦਿੱਤੇ ਕਿ ਔਰਤਾਂ ਤੇ ਲੜਕੀਆਂ 'ਚ ਪੀ.ਸੀ.ਓ.ਡੀ., ਲੇਬਰ ਰੂਮ 'ਚ ਹਵਾ ਦੀ ਗੁਣਵੱਤਾ ਦੀ ਟੈਸਟਿੰਗ, ਨੌਜਵਾਨਾਂ 'ਚ ਨਸ਼ਿਆਂ ਤੇ ਆਤਮ ਹੱਤਿਆ ਦੇ ਰੁਝਾਨ, ਪ੍ਰਦੂਸ਼ਿਤ ਹਵਾ ਨਾਲ ਹੋਣ ਵਾਲੀਆਂ ਬਿਮਾਰੀਆਂ, ਕੈਂਸਰ, ਦਿਲ ਦੇ ਰੋਗ, ਮਾਨਸਿਕ ਦਬਾਅ, ਦਵਾਈਆਂ ਦੇ ਬੁਰੇ ਪ੍ਰਭਾਵ, ਨਵ ਜਨਮੇ ਬੱਚਿਆਂ ਦੇ ਕੌਰਡ ਬਲੱਡ ਤੇ ਮਾਵਾਂ ਦੇ ਦੁੱਧ 'ਚ ਕੈਮੀਕਲਾਂ ਦੇ ਪ੍ਰਭਾਵ ਦੇ ਟੈਸਟ, ਪਿੰਡਾਂ ਤੇ ਸ਼ਹਿਰਾਂ 'ਚ ਲੋਕਾਂ ਦੀ ਸਿਹਤ ਨੂੰ ਦਰਪੇਸ਼ ਚੁਣੌਤੀਆਂ, ਦੇਸ਼-ਦੁਨੀਆਂ 'ਚ ਹੋ ਰਹੀਆਂ ਨਵੀਆਂ ਖੋਜਾਂ ਆਦਿ ਵਿਸ਼ਿਆਂ ਉਪਰ ਵੀ ਸਰਕਾਰੀ ਮੈਡੀਕਲ ਕਾਲਜ ਵਿੱਚ ਨਿੱਠਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ 'ਚ ਬਲੱਡ ਟਰਾਂਸਫਿਊਜ਼ਨ 'ਚ ਨਵੇਂ ਕੋਰਸ ਸ਼ੁਰੂ ਕੀਤੇ ਜਾਣ, ਕਿਉਂਕਿ ਪੰਜਾਬ ਸਵੈਇੱਛੁਤ ਖ਼ੂਨਦਾਨ 'ਚ ਦੇਸ਼ ਵਿੱਚੋਂ ਤੀਜੇ ਸਥਾਨ 'ਤੇ ਆਇਆ ਹੈ। ਉਨ੍ਹਾਂ ਹੋਰ ਕਿਹਾ ਕਿ ਮੈਡੀਕਲ ਕਾਲਜ ਦੀ ਪੈਥਾਲੋਜੀ ਲੈਬ ਰੈਫਰੈਂਸ ਲੈਬ ਬਣੇਗੀ ਤੇ ਪੀਡੀਆਟ੍ਰਿਕਸ ਵਿਭਾਗ 'ਚ ਐਡਵਾਂਸ ਪੀਡੀਆਟ੍ਰਿਕਸ ਸੈਂਟਰ ਬਣਾਉਣ ਦੀ ਵੀ ਤਜਵੀਜ਼ ਹੈ। ਉਨ੍ਹਾਂ ਨੇ ਡਾਇਰੈਕਟਰ ਪ੍ਰਿੰਸੀਪਲ ਨੂੰ ਕਿਹਾ ਕਿ ਅਧਿਆਪਕਾਂ ਦੀਆਂ ਤਰੱਕੀਆਂ, ਡਾਕਟਰਾਂ ਸਮੇਤ ਪੈਰਾਮੈਡਿਕਸ ਦੀਆਂ ਖਾਲੀ ਅਸਾਮੀਆਂ ਭਰਨ ਲਈ ਕੋਈ ਦੇਰੀ ਨਾ ਕੀਤੀ ਜਾਵੇ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸੂਬਾ ਨਿਵਾਸੀਆਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਇਸ ਲਈ ਮੈਡੀਕਲ ਅਧਿਆਪਕਾਂ ਨੂੰ ਨਵੀਨਤਮ ਸਿਖਲਾਈ ਕਰਵਾਈ ਜਾਵੇਗੀ ਤੇ ਸਮਾਂਬੱਧ ਤਰੱਕੀ ਸਮੇਤ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ ਤਾਂ ਕਿ ਸੂਬਾ ਨਿਵਾਸੀਆਂ ਨੂੰ ਬਿਹਤਰ ਤੋਂ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ 'ਚ ਕੋਈ ਕਸਰ ਬਾਕੀ ਨਾ ਰਹੇ।