- ਰੋਜ਼ਾ ਸ਼ਰੀਫ ਇੱਕ ਮੁਕੱਦਸ ਜਗ੍ਹਾਂ ਜਿਥੇ ਅੱਲਾ ਤਾਅਲਾ ਨੇ ਕੋਈ ਕਮੀਂ ਨਹੀਂ ਛੱਡੀ
- ਰੋਜ਼ਾ ਸ਼ਰੀਫ ਵਿਖੇ ਚੱਲ ਰਹੇ ਸਲਾਨਾਂ ਉਰਸ ਵਿੱਚ ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਇਮਰਾਨ ਹੂਸੈਨ ਨੇ ਕੀਤੀ ਸ਼ਿਰਕਤ
ਫ਼ਤਹਿਗੜ੍ਹ ਸਾਹਿਬ, 15 ਸਤੰਬਰ : ਰੋਜ਼ਾ ਸ਼ਰੀਫ ਵਿਖੇ ਹਜ਼ਰਤ ਇਮਾਮੇ ਰੱਬਾਨੀ ਮੁਜਦਿਦ ਅਲਫ ਸਾਨੀ (ਰਹਿਮਤੁੱਲਾ ਅਹਿਲੇ) ਸ਼ੇਖ ਅਹਿਮਦ ਫਾਰੂਕੀ ਸਰਹਿੰਦੀ ਨਕਸ਼ਬੰਦੀ ਦੇ ਸਲਾਨਾਂ ਉਰਸ ਦੇ ਅੰਤਿਮ ਦਿਨ ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਜਨਾਬ ਇਮਰਾਨ ਹੂਸੈਨ ਨੇ ਸ਼ਿਰਕਤ ਕੀਤੀ। ਉਨ੍ਹਾਂ ਇਸ ਮੌਕੇ ਹਜ਼ਰਤ ਮੁਜਦਿਦ ਅਲਫ ਸਾਨੀ ਦੀ ਦਰਗਾਹ ਦੀ ਜਿਆਰਤ ਕੀਤੀ ਅਤੇ ਦੇਸ਼ ਅਤੇ ਦੁਨੀਆਂ ਵਿੱਚ ਅਮਨ ਸ਼ਾਂਤੀ ਬਰਕਰਾਰ ਰੱਖਣ ਤੇ ਸਰਬੱਤ ਦੇ ਭਲੇ ਦੀ ਦੁਆ ਮੰਗੀ। ਇਸ ਮੌਕੇ ਉਨ੍ਹਾਂ ਦੇ ਨਾਲ ਰੋਜ਼ਾ ਸ਼ਰੀਫ ਦੇ ਖਲੀਫਾ ਸਈਅਦ ਸਾਦਿਕ ਰਜ਼ਾ ਵੀ ਮੌਜੂਦ ਸਨ। ਮੀਡੀਆ ਨਾਲ ਗੱਲ ਕਰਦਿਆਂ ਜਨਾਬ ਇਮਰਾਨ ਹੂਸੈਨ ਨੇ ਕਿਹਾ ਕਿ ਹਜ਼ਰਤ ਇਮਾਮੇ ਰੱਬਾਨੀ ਮੁਜਦਿਦ ਅਲਫ ਸਾਨੀ (ਰਹਿਮਤੁੱਲਾ ਅਹਿਲੇ) ਸ਼ੇਖ ਅਹਿਮਦ ਫਾਰੂਕੀ ਸਰਹਿੰਦੀ ਨਕਸ਼ਬੰਦੀ, ਇਸਲਾਮ ਦੀ ਇੱਕ ਵੱਡੀ ਸਖਸ਼ੀਅਤ ਹਨ ਜਿਨ੍ਹਾਂ ਨੇ ਸੂਫੀ ਮੱਤ ਵਿੱਚ ਰਹਿੰਦੇ ਹੋਏ ਇਸਲਾਮ ਨੂੰ ਫੈਲਾਉਣ ਵਿੱਚ ਵੱਡਾ ਰੋਲ ਅਦਾ ਕੀਤਾ। ਉਨ੍ਹਾਂ ਕਿਹਾ ਕਿ ਰੋਜ਼ਾ ਸ਼ਰੀਫ ਵਿੱਚ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਜਿਆਰਤ ਕਰਨ ਲਈ ਆਉਂਦੇ ਹਨ ਅਤੇ ਉਹ ਵੀ ਸਰਬੱਤ ਦੇ ਭਲੇ ਦੀ ਦੁਆ ਮੰਗਣ ਲਈ ਉਰਸ ਵਿੱਚ ਸ਼ਾਮਲ ਹੋਏ ਹਨ। ਦੇਸ਼ ਦੀਆਂ 26 ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕੀਤੇ ਗਏ ਇੰਡੀਆ ਗਠਜੋੜ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਕਿ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕੀਤਾ ਗਿਆ ਗਠਜੋੜ ਦੇਸ਼ ਹਿੱਤ ਵਿੱਚ ਇੱਕ ਚੰਗਾ ਫੈਸਲਾ ਹੈ ਅਤੇ ਉਹ ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਲ ਕੇ ਚੋਣਾਂ ਲੜਨਗੇ। ਪੰਜਾਬ ਕਾਂਗਰਸ ਦੇ ਆਗੂਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਰੋਜ਼ਾ ਸ਼ਰੀਫ ਵਿਖੇ ਸਰਕਾਰ ਵੱਲੋਂ ਫੰਡ ਦਾ ਯੋਗਦਾਨ ਪਾਉਣ ਦੇ ਮੁੱਦੇ ਤੇ ਉਨ੍ਹਾਂ ਕਿਹਾ ਕਿ ਰੋਜ਼ਾ ਸ਼ਰੀਫ ਇੱਕ ਮੁਕੱਦਸ ਜਗ੍ਹਾਂ ਹੈ ਜਿਥੇ ਕਿ ਸ਼ਰਧਾਲੂ ਦੇਸ਼ ਵਿਦੇਸ਼ ਤੋਂ ਜਿਆਰਤ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਰੋਜ਼ਾ ਸ਼ਰੀਫ ਵਰਗੀ ਮੁਕੱਦਸ ਜਗ੍ਹਾਂ ਤੇ ਅੱਲਾ ਤਾਅਲਾ ਕੋਈ ਕਮੀਂ ਨਹੀਂ ਛੱਡਦੇ ਇਸ ਲਈ ਅਜਿਹੀ ਮੁਕੱਦਸ ਜਗ੍ਹਾਂ ਨੂੰ ਕਿਸੇ ਇਮਦਾਦ ਦੀ ਕੋਈ ਲੋੜ ਨਹੀਂ ਹੈ।