- ਹਲਕਾ ਇੰਚਾਰਜ ਡਾ ਕੰਗ, ਬਲਾਕ ਪ੍ਰਧਾਨ ਸੇਖੋਂ ਅਤੇ ਧਾਲੀਵਾਲ ਨੇ ਕੀਤਾ ਸੰਬੋਧਨ
ਮੁੱਲਾਂਪੁਰ ਦਾਖਾ 28 ਮਾਰਚ (ਸਤਵਿੰਦਰ ਸਿੰਘ ਗਿੱਲ) : 17ਵੀਂ ਲੋਕ ਸਭਾ ਚੋਣਾਂ ਲਈ ਆਖਰੀ ਪੜਾਅ ਦੀਆਂ ਵੋਟਾ 1 ਜੂਨ ਨੂੰ ਪੰਜਾਬ ਅੰਦਰ ਹੋਣ ਜਾ ਰਹੀਆਂ ਹਨ। ਜਿਸਨੂੰ ਲੈ ਕੇ ਚੋਣ ਮੈਦਾਨ ਅਜੇ ਪੂਰੀ ਤਰ੍ਹਾਂ ਭਖਿਆ ਨਹੀਂ, ਪਰ ਫਿਰ ਹਲਕਾ ਦਾਖਾ ਅੰਦਰ ਚੋਣ ਮੁਹਿੰਮ ਨੂੰ ਮੱਠਾ ਜਿਹਾ ਹੁਲਾਰਾ ਦੇਣ ਲਈ ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਡਾ. ਕੇ.ਐੱਨ.ਐੱਸ. ਕੰਗ ਵੱਲੋਂ ਚੋਣ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿਸਦੇ ਤਹਿਤ ਉਨ੍ਹਾਂ ਨੇ ਅੱਜ ਪਿੰਡ ਦਾਖਾ ਵਿਖੇ ਸਾਂਸਦ ਚੋਣਾਂ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਤੇ ਬਲਾਕ ਪ੍ਰਧਾਨ ਵਰਿੰਦਰ ਸਿੰਘ ਸੇਖੋਂ ਦੀ ਅਗਵਾਈ ਵਿੱਚ ਹੋਈ ਪਿੰਡ ਵਾਸੀਆਂ ਦੀ ਵੱਡੀ ਇਕਤੱਰਤਾ ਨੂੰ ਸੰਬੋਧਨ ਕੀਤਾ ਉੱਥੇ ਹੀ ਉਨ੍ਹਾਂ ਪਿੰਡ ਵਾਸੀਆਂ ਦੀਆਂ ਸਮੱਸਿਆਵਾ ਸੁਣੀਆਂ ਜਿਨ੍ਹਾਂ ਨੂੰ ਉਨ੍ਹਾਂ ਹੱਲ ਕਰਨ ਦਾ ਭਰੋਸਾ ਦਿੱਤਾ। ਲੋਕਾਂ ਦੇ ਇਕੱਠ ਨੂੰ ਬਲਾਕ ਪ੍ਰਧਾਨ ਮਾ. ਸੁਖਦੇਵ ਸਿੰਘ ਧਾਲੀਵਾਲ ਅਤੇ ਸਾਬਕਾ ਸਰਪੰਚ ਤੇ ਬਲਾਕ ਪ੍ਰਧਾਨ ਵਰਿੰਦਰ ਸਿੰਘ ਸੇਖੋਂ ਨੇ ਸੰਬੋਧਨ ਕਰਦਿਆ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਸਕੀਮਾਂ ਅਤੇ ਹਲਕਾ ਦਾਖਾ ਅੰਦਰ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਜਿਕਰ ਕੀਤਾ। ਹਲਕਾ ਇੰਚਾਰਜ ਡਾ. ਕੇ.ਐੱਨ.ਐੱਸ. ਕੰਗ ਨੇ ਕਿਹਾ ਕਿ ਕੇਂਦਰ ’ਚ ਸਥਾਪਿਤ ਭਾਰਤੀ ਹਕੂਮਤ ਜਿਸਦੀ ਅਗਵਾਈ ਨਰਿੰਦਰ ਮੋਦੀ ਕਰ ਰਹੇ ਹਨ, ਉਹ ਪੰਜਾਬ ਵਾਸੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ, ਜੋ ਸਕੀਮਾਂ ਤੇ ਪੰਜਾਬ ਦਾ ਪੈਸਾ ਹੈ, ਉਸਨੇ ਰੋਕ ਰੱਖਿਆ ਹੈ, ਇਸ ਲਈ ਤੁਸੀ ਇੱਕ ਵਾਰ ਭਗਵੰਤ ਸਿੰਘ ਮਾਨ ਨੂੰ ਸੰਸਦ ਵਿੱਚ ਲੈ ਕੇ ਫਿਰ ਦੇਖਿਓ ਕਿਵੇਂ ਭਾਰਤ ਅਤੇ ਪੰਜਾਬ ਅੰਦਰ ਵਿਕਾਸ ਕਾਰਜ ਪਹਿਲ ਦੇ ਆਧਾਰ ’ਤੇ ਹੁੰਦੇ ਹਨ। ਡਾ. ਕੰਗ ਨੇ ਕਿਹਾ ਕਿ ਸ਼ਰੇਆਮ ਦੇਸ਼ ਅੰਦਰ ਭਾਜਪਾ ਨੇ ਚਿੱਟੇ ਦਿਨ ਲੋਕਤੰਤਰ ਦਾ ਕਤਲ ਕੀਤਾ ਹੈ। ਡਾ. ਕੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਮੋਦੀ ਸਰਕਾਰ ਜਾਣਬੁੱਝ ਕੇ ਈ.ਡੀ ਦਾ ਡਰਾਵਾ ਦੇ ਕੇ ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਅਤੇ ਸਾਂਸਦ ਮੈਂਬਰਾਂ ਨੂੰ ਉਲਝਾ ਰਹੀ ਹੈ ਅਤੇ ਮੋਟੇ ਪੈਸਾ ਦਾ ਲਾਲਚ ਦੇ ਕੇ ਆਪਣੇ ਪਾਰਟੀ ਵਿੱਚ ਰਲਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਜਾਂਦੇ ਹਨ ਅਜਿਹੇ ਲੋਕਾਂ ਨੂੰ ਮੂੰਹ ਤੱਕ ਨਾ ਲਾਇਓ। ਇਸ ਮੌਕੇ ਜਗਤਾਰ ਸਿੰਘ ਜੱਗਾ, ਅਵਤਾਰ ਸਿੰਘ, ਇੰਦੀ ਦਾਖਾ, ਸੋਨੂੰ ਫੌਜੀ, ਗੁਗਲੀ, ਸੱਤੂ ਦਾਖਾ, ਸੁਰਿੰਦਰ ਸਿੰਘ, ਜੱਗਾ ਸਿੰਘ, ਅਰਵਿੰਦ ਤੇ ਹੋਰ ਵੀ ਹਾਜਰ ਸਨ।