- ਸਰਕਾਰ ਤੁਹਾਡੇ ਦੁਆਰ' ਤਹਿਤ ਰਾਏਕੋਟ ਵਿਖੇ ਕੈਂਪ ਦਾ ਆਯੋਜਨ
- ਸਰਕਾਰ ਤੁਹਾਡੇ ਦੁਆਰ ਕੈਂਪ ਦੌਰਾਨ ਵਿਧਾਇਕ ਹਾਕਮ ਸਿੰਘ ਠੇਕੇਦਾਰ ਅਤੇ ਏ.ਡੀ.ਸੀ ਮੇਜਰ ਅਮਿਤ ਸਰੀਨ ਵੱਲੋਂ ਕੀਤੇ ਲੋਕਾਂ ਦੇ ਮਸਲੇ ਹੱਲ
- ਵਿਧਾਇਕ ਹਾਕਮ ਸਿੰਘ ਠੇਕੇਦਾਰ ਅਤੇ ਏ.ਡੀ.ਸੀ ਮੇਜਰ ਅਮਿਤ ਸਰੀਨ ਵੱਲੋਂ ਲਾਭਪਾਤਰੀਆਂ ਨਾਲ ਗੱਲਬਾਤ ਕਰਦਿਆਂ ਮੌਕੇ 'ਤੇ ਦਸਤਾਵੇਜ਼ ਕੀਤੇ ਸਪੁਰਦ
ਰਾਏਕੋਟ, 9 ਅਗਸਤ 2024 : ਪੰਜਾਬ ਸਰਕਾਰ ਦੇ 'ਸਰਕਾਰ ਤੁਹਾਡੇ ਦੁਆਰ' ਪ੍ਰੋਗਰਾਮ, ਜਿਸਦਾ ਉਦੇਸ਼ ਲੋਕਾਂ ਨੂੰ ਸਿੱਧੇ ਤੌਰ 'ਤੇ ਸੇਵਾਵਾਂ ਪ੍ਰਦਾਨ ਕਰਨਾ ਹੈ, ਨੂੰ ਲੋਕਾਂ ਵੱਲੋਂ ਹਾਂ-ਪੱਖੀ ਹੁੰਗਾਰਾ ਮਿਲ ਰਿਹਾ ਹੈ। ਸ਼ੁਕਰਵਾਰ ਨੂੰ ਰਾਏਕੋਟ ਵਿਖੇ ਲਗਾਏ ਗਏ ਕੈਂਪ ਦੌਰਾਨ ਅਧਿਕਾਰੀਆਂ ਵੱਲੋਂ ਸੀਨੀਅਰ ਸਿਟੀਜ਼ਨ ਕਾਰਡ, ਬੁਢਾਪਾ ਪੈਨਸ਼ਨਾਂ, ਵਿਧਵਾ ਪੈਨਸ਼ਨਾਂ, ਬਿਜਲੀ ਲੋਡ ਵਧਾਉਣ ਆਦਿ ਵਰਗੀਆਂ ਵੱਖ-ਵੱਖ ਅਰਜ਼ੀਆਂ ਨੂੰ ਤੁਰੰਤ ਪ੍ਰਵਾਨਗੀ ਦਿੱਤੀ ਗਈ। ਰਾਏਕੋਟ ਦੇ ਵਸਨੀਕ ਹਰਚੰਦ ਸਿੰਘ, ਸ੍ਰੀਮਤੀ ਸਿੰਦਰ ਕੌਰ, ਸ੍ਰੀਮਤੀ ਵੀਨਾ ਜੈਨ ਅਤੇ ਪਿੰਡ ਤਾਜਪੁਰ ਦੇ ਵਸਨੀਕ ਨਾਜਰ ਸਿੰਘ ਨੇ ਵੀ ਬੁਢਾਪਾ ਪੈਨਸ਼ਨਾਂ ਦੀ ਮਨਜ਼ੂਰੀ ਪ੍ਰਾਪਤ ਕੀਤੀ। ਇਸ ਕੈਂਪ ਦਾ ਆਯੋਜਨ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਵਿਸ਼ੇ਼ਸ਼ ਧੰਨਵਾਦ ਕੀਤਾ। ਇਸੇ ਤਰ੍ਹਾਂ ਵਿਧਵਾ ਔਰਤ ਸੁਖਜੀਤ ਕੌਰ ਅਤੇ ਰਵਨੀਤ ਕੌਰ ਨੇ ਵਿਧਵਾ ਪੈਨਸ਼ਨ ਲਈ ਤੁਰੰਤ ਪ੍ਰਵਾਨਗੀ ਪ੍ਰਾਪਤ ਕਰਕੇ 'ਸਰਕਾਰ ਤੁਹਾਡੇ ਦੁਆਰ' ਮੁਹਿੰਮ ਦੀ ਸ਼ਲਾਘਾ ਕੀਤੀ। ਰਾਏਕੋਟ ਵਿੱਚ ਲੱਗੇ ਕੈਂਪ ਦਾ ਉਦਘਾਟਨ ਵਿਧਾਇਕ ਹਾਕਮ ਸਿੰਘ ਠੇਕੇਦਾਰ ਅਤੇ ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਨੇ ਕੀਤਾ। ਕੈਂਪ ਵਿੱਚ ਐਸ.ਡੀ.ਐਮ ਗੁਰਬੀਰ ਸਿੰਘ ਕੋਹਲੀ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨਵਦੀਪ ਕੌਰ ਅਤੇ ਡੀ.ਐਸ.ਪੀ ਰਛਪਾਲ ਸਿੰਘ ਢੀਂਡਸਾ ਤੇ ਹੋਰ ਵੀ ਹਾਜ਼ਰ ਸਨ। ਕੈਂਪ ਵਿੱਚ ਸ਼ਹਿਰ ਅਤੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਤੋਂ ਲੈ ਕੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਅਤੇ ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਵੱਲੋਂ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਨੂੰ ਬੜੇ ਹੀ ਠਰ੍ਹੰਮੇ ਨਾਲ ਸੁਣਿਆ ਅਤੇ ਵਧੇਰੇ ਸ਼ਿਕਾਇਤਾਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਮੁਖੀ ਵੀ ਹਾਜ਼ਰ ਸਨ ਅਤੇ ਉਨ੍ਹਾਂ ਆਪਣੇ ਵਿਭਾਗਾਂ ਨਾਲ ਸਬੰਧਤ ਲੋਕਾਂ ਦੇ ਸਵਾਲਾਂ ਅਤੇ ਸ਼ਿਕਾਇਤਾਂ ਦੇ ਜਵਾਬ ਵੀ ਦਿੱਤੇ। ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੇ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਅਤੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਅਤੇ ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਨੇ ਲਾਭਪਾਤਰੀਆਂ ਨਾਲ ਗੱਲਬਾਤ ਕਰਦਿਆਂ ਮਨਜ਼ੂਰੀ ਪੱਤਰ ਸੌਂਪੇ। ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਕਿਹਾ ਕਿ 'ਸਰਕਾਰ ਤੁਹਾਡੇ ਦੁਆਰ' ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਅਜਿਹੇ ਕੈਂਪ ਲਗਾਏ ਜਾਣਗੇ ਤਾਂ ਜੋ ਲੋਕਾਂ ਨੂੰ ਆਪਣੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਵਾਉਣ ਲਈ ਸਰਕਾਰੀ ਦਫ਼ਤਰਾਂ ਵਿੱਚ ਖੱਜਲ ਖੁਆਰ ਨਾ ਹੋਣਾ ਪਵੇ। ਉਨ੍ਹਾਂ ਕਿਹਾ ਕਿ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਹਫਤੇ ਵਿੱਚ ਦੋ ਵਾਰ ਸਰਕਾਰ ਤੁਹਾਡੇ ਦੁਆਰ ਤਹਿਤ ਕੈਪ ਲਗਾ ਕੇ ਲੋਕਾਂ ਦੇ ਮਸਲਿਆਂ ਦਾ ਹੱਲ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਅੱਗੇ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਨੂੰ ਵੀ ਲੋਕਾਂ ਤੱਕ ਪਹੁੰਚਾਇਆ ਜਾਵੇਗਾ ਅਤੇ ਕੈਂਪ ਵਿੱਚ ਹੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਆਮ ਲੋਕਾਂ ਨੂੰ ਦਿੱਤਾ ਜਾਵੇਗਾ ਤਾਂ ਜੋ ਕੋਈ ਵੀ ਲਾਭਪਾਤਰੀ ਇਸ ਦਾ ਲਾਭ ਲੈਣ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਇਸ ਕੈਪ ਰਾਹੀਂ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਸਾਰੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਲੋਕਾਂ ਵੱਲੋਂ ਦਿੱਤੀਆਂ ਸ਼ਿਕਾਇਤਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਰਾਏਕੋਟ ਵਿੱਚ ਲੱਗੇ ਕੈਂਪ ਵਿੱਚ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਨੇ ਆਮ ਲੋਕਾਂ ਦੇ ਸਾਝੇਂ ਤੇ ਨਿੱਜੀ ਮਸਲੇ ਹੱਲ ਕੀਤੇ ਅਤੇ ਬਕਾਇਆ ਮਾਮਲੇ ਸਮਾਂਬੱਧ ਹੱਲ ਕਰਨ ਲਈ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ।ਏ.ਡੀ.ਸੀ ਮੇਜਰ ਅਮਿਤ ਸਰੀਨ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਨੇ ਆਮ ਲੋਕਾਂ ਦੇ ਘਰਾਂ ਨੇੜੇ ਸਮੱਸਿਆਵਾ ਨੂੰ ਹੱਲ ਕਰਨ ਤੇ ਲੋਕ ਭਲਾਈ ਸਕੀਮਾ ਦਾ ਲਾਭ ਪਹੁੰਚਾਉਣ ਲਈ ਸਰਕਾਰ ਤੁਹਾਡੇ ਦੁਆਰ ਯੋਜਨਾ ਤਹਿਤ ਕੈਂਪ ਲਗਾਉਣ ਦੀ ਸੁਰੂਆਤ ਕੀਤੀ ਹੈ। ਜਿਲ੍ਹਾ ਲੁਧਿਆਣਾ ਵਿੱਚ ਅਸੀਂ ਇਸ ਤਰਾਂ ਦੇ ਕੈਂਪ ਪਿੰਡਾਂ ਵਿੱਚ ਸਾਂਝੀ ਥਾਂ 'ਚ ਲਗਾ ਰਹੇ ਹਾਂ।