ਜੇਕਰ ਕੋਈ ਲੜਕੀ ਸਿੱਧੂ ਦੇ ਇਨਸਾਫ ਲਈ ਬੋਲਦੀ ਹੈ ਤਾਂ ਉਸ ਨੂੰ ਵੀ ਡਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ : ਬਲਕੌਰ ਸਿੰਘ
ਮਾਨਸਾ : ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦੇ ਨਾਲ ਐਤਵਾਰ ਦੇ ਦਿਨ ਸੈਂਕੜਿਆਂ ਦੀ ਤਾਦਾਦ ਵਿੱਚ ਲੋਕ ਦੁੱਖ ਸਾਂਝਾ ਕਰਨ ਦੇ ਲਈ ਮੂਸਾ ਪਿੰਡ ਪਹੁੰਚੇ ਇਸ ਦੌਰਾਨ ਸਿੱਧੂ ਮੂਸੇ ਵਾਲਾ ਦੇ ਮਾਤਾ ਪਿਤਾ ਵੱਲੋਂ ਆਏ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਪੰਜ ਮਹੀਨੇ ਬੀਤ ਚੁੱਕੇ ਹਨ ਪਰ ਅਜੇ ਤੱਕ ਉਸ ਦੇ ਪੁੱਤਰ ਨੂੰ ਇਨਸਾਫ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ ਕਿ ਗੈਂਗਸਟਰ ਮਾਨਸਾ ਜ਼ਿਲ੍ਹੇ ਦੇ ਪਿੰਡ ਉੱਭਾ ਅਤੇ ਕੋਰੜਾ ਦੇ ਵਿਚ ਰਾਤਾਂ ਕੱਟ ਕੇ ਗਏ ਨੇ ਪਰ ਸੀਆਈਏ ਬਰਖਾਸਤ ਇੰਚਾਰਜ ਪ੍ਰਿਤਪਾਲ ਸਿੰਘ ਵੱਲੋਂ ਉਨ੍ਹਾਂ ਲੋਕਾਂ ਤੋਂ ਪੈਸੇ ਲੈ ਕੇ ਇਨਵੈਸਟੀਗੇਸ਼ਨ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ। ਐਨਆਈਏ ਵੱਲੋਂ ਅਫਸਾਨਾ ਖਾਨ ਨੂੰ ਭੇਜੇ ਗਏ ਸੰਮਨ ਤੇ ਪੁੱਛਗਿੱਛ ਕਰਨ ਦੇ ਮਾਮਲੇ ਵਿੱਚ ਵੀ ਬਲਕੌਰ ਸਿੰਘ ਨੇ ਬੋਲਦਿਆਂ ਕਿਹਾ ਕਿ ਜੇਕਰ ਕੋਈ ਲੜਕੀ ਸਿੱਧੂ ਮੂਸੇਵਾਲਾ ਦੇ ਇਨਸਾਫ ਲਈ ਬੋਲਦੀ ਹੈ ਤਾਂ ਉਸ ਨੂੰ ਵੀ ਡਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਅਫਸਾਨਾ ਖਾਨ ਤੋਂ ਐੱਨਆਈਏ ਵੱਲੋਂ ਪੁੱਛਗਿੱਛ ਕੀਤੀ ਗਈ ਅਤੇ ਹੁਣ ਜੋਨੀ ਜੌਹਲ ਨੂੰ ਸੰਮਨ ਭੇਜੇ ਗਏ ਹਨ ਪਰ ਜੈਨੀ ਜੌਹਲ ਵੱਲੋਂ ਤਾਂ ਸਿੱਧੂ ਮੂਸੇ ਵਾਲਾ ਦੇ ਨਾਲ ਕੋਈ ਗੀਤ ਵੀ ਨਹੀਂ ਗਾਇਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਐੱਨਆਈਏ ਪੁੱਛਗਿੱਛ ਕਰਨਾ ਚਾਹੁੰਦੀ ਹੈ ਤਾਂ ਮੈਨੂੰ ਸੰਮਨ ਭੇਜੇ ਤਾਂ ਮੈਂ ਸਿੱਧੂ ਦੇ ਬਚਪਨ ਤੋਂ ਲੈ ਕੇ ਹੁਣ ਤੱਕ ਉਸ ਦੇ ਸਫ਼ਰ ਬਾਰੇ ਦੱਸ ਦੇਵਾਂਗਾ। ਉਨ੍ਹਾਂ ਕਿਹਾ ਕਿ ਜੇਕਰ ਗੋਲਡੀ ਬਰਾੜ ਕਿਸੇ ਦਾ ਨਾਮ ਲਿਖ ਕੇ ਪੋਸਟ ਪਾ ਦਿੰਦਾ ਹੈ ਤਾਂ ਤੁਰੰਤ ਉਸਨੂੰ ਸੰਮਨ ਕਰਕੇ ਬੁਲਾ ਲੈਂਦੀ ਹੈ ਜੋ ਕਿ ਸਰਕਾਰਾਂ ਵੀ ਗੈਂਗਸਟਰਾਂ ਦੇ ਨਾਲ ਮਿਲੀਆਂ ਹੋਈਆਂ ਹਨ।